Gee 98News

ਮਜ਼ਦੂਰ ਨਹੀਂ ਕਰ ਸਕਣਗੇ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ, ਸਰਕਾਰ ਵੱਲੋਂ ਪਾਬੰਦੀ ਦੇ ਹੁਕਮ ਜਾਰੀ

-ਬੀਕੇਯੂ ਏਕਤਾ ਉਗਰਾਹਾਂ ਸਰਕਾਰ ਦੇ ਹੁਕਮਾਂ ਖਿਲਾਫ਼ ਮਜ਼ਦੂਰਾਂ ਦੇ ਹੱਕ ਵਿੱਚ ਨਿਤਰੀ

ਬਰਨਾਲਾ, 10 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਦੀ ‘‘ਆਮ ਆਦਮੀ ’’ ਦੀ ਸਰਕਾਰ ਨੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12,13,14 ਸਤੰਬਰ ਨੂੰ ਤਿੰਨ ਰੋਜ਼ਾ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਜਨਤਕ ਰੋਸ ਪ੍ਰਦਰਸ਼ਨ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਪੁਲਿਸ ਮਜ਼ਦੂਰਾਂ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਫਟਕਣ ਨਹੀਂ ਦੇਵੇਗੀ। ਸਰਕਾਰ ਦੇ ਇਨ੍ਹਾਂ ਤਾਨਾਸ਼ਾਹੀ ਹੁਕਮਾਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਬੀਕੇਯੂ ਏਕਤਾ- ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਗਵੰਤ ਮਾਨ ਸਰਕਾਰ ਨੂੰ ਪਹਿਲੀਆਂ ਲੋਕ ਵਿਰੋਧੀ ਸਰਕਾਰਾਂ ਦੀ ਕਾਰਬਨ ਕਾਪੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ ਹੁਕਮ ਜ਼ਮਹੂਰੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਹਨ ਅਤੇ ਅਜਿਹੇ ਹੁਕਮਾਂ ਦਾ ਹਮੇਸ਼ਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਸਰਕਾਰਾਂ ਤੋਂ ਪ੍ਰਵਾਨਗੀ ਲੈ ਕੇ ਸਹੀ ਅਰਥਾਂ ਵਿੱਚ ਜਨਤਕ ਦਬਾਅ ਵਾਲੇ ਸੰਘਰਸ਼ ਨਹੀਂ ਲੜੇ ਜਾ ਸਕਦੇ। ਬੀਕੇਯੂ ਏਕਤਾ-ਉਗਰਾਹਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਮਜ਼ਦੂਰ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨ ’ਤੇ ਪਾਬੰਦੀ ਦੇ ਹੁਕਮ ਵਾਪਸ ਨਹੀਂ ਲੈਂਦੀ ਤਾਂ ਜਥੇਬੰਦੀ ਵੱਲੋਂ ਮਜ਼ਦੂਰਾਂ ਦਾ ਹਰ ਪੱਧਰ ’ਤੇ ਡੱਟ ਕੇ ਸਮਰਥਨ ਕੀਤਾ ਜਾਵੇਗਾ।

Gee98 Ads
error: Content is protected !!