Gee 98News

ਮੂਸੇਵਾਲਾ ਦੇ ਮਾਤਾ-ਪਿਤਾ ਨੇ ਸੰਦੀਪ ਦੀ ਪਤਨੀ ਨੂੰ ਦਿੱਤੀ ਹੱਲਾਸ਼ੇਰੀ

ਚੰਡੀਗੜ੍ਹ :– ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕਬੱਡੀ ਖਿਡਾਰੀ ਮਰਹੂਮ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਹੌਂਸਲਾ ਦਿੱਤਾ । ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ-ਮਾਤਾ ਬਲਕੌਰ ਸਿੰਘ ਤੇ ਚਰਨ ਕੌਰ ਕੁਝ ਦਿਨਾਂ ਤੋਂ ਯੂਕੇ ਗਏ ਹੋਏ ਹਨ ਜਿੱਥੇ ਉਹ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਉਸ ਦੇ ਸਮਰਥਕਾਂ/ਪ੍ਰਸੰਸਕਾਂ ਨੂੰ ਮਿਲ ਰਹੇ ਹਨ। ਇਸੇ ਦੌਰਾਨ ਹੀ ਬਲਕੌਰ ਸਿੰਘ ਤੇ ਚਰਨ ਕੌਰ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੂੰ ਵੀ ਮਿਲੇ ਅਤੇ ਹੌਂਸਲਾ ਦਿੱਤਾ। ਯੂਕੇ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਇੱਕ ਸਾਈਕਲ ਰੈਲੀ ਦਾ ਆਯੋਜਨ ਵੀ ਕੀਤਾ ਗਿਆ। ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਹੀ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾਲ ਮਿਲਿਆ ਤਾਂ ਉਹ ਪੰਜਾਬ ਛੱਡ ਕੇ ਵਿਦੇਸ਼ ਵੱਸ ਜਾਣਗੇ। ਪੰਜਾਬ ਪੁਲਿਸ ਭਾਵੇਂ ਕਿ ਸਿੱਧੂ ਕਤਲ ਕਾਂਡ ਵਿੱਚ ਲਗਾਤਾਰ ਯਤਨ ਕਰ ਰਹੀ ਹੈ ਪ੍ਰੰਤੂ ਸਿੱਧੂ ਮੂਸੇਵਾਲਾ ਦਾ ਪਰਿਵਾਰ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ, ਜਿਸ ਦਾ ਜ਼ਿਕਰ ਬਲਕੌਰ ਸਿੰਘ ਅਕਸਰ ਕਰਦੇ ਵੀ ਰਹਿੰਦੇ ਹਨ।

error: Content is protected !!