Gee 98News

ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣਗੀਆਂ 6 ਆਧੁਨਿਕ ਪੇਂਡੂ ਲਾਇਬਰੇਰੀਆਂ

-ਡੇਢ ਕਰੋੜ ਦੀ ਲਾਗਤ ਨਾਲ ਬਣਨਗੀਆਂ ਪਹਿਲੇ ਪੜਾਅ ਦੀਆਂ 6 ਲਾਇਬਰੇਰੀਆਂ

ਬਰਨਾਲਾ, 7 ਦਸੰਬਰ (ਨਿਰਮਲ ਸਿੰਘ ਪੰਡੋਰੀ) :

‘ਸਾਹਿਤ ਦੇ ਮੱਕੇ’ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਬਰਨਾਲਾ ਦੇ 6 ਪਿੰਡਾਂ ਵਿੱਚ ਨਵੀਆਂ ਆਧੁਨਿਕ ਲਾਇਬਰੇਰੀਆਂ ਦੀ ਉਸਾਰੀ ਕੀਤੀ ਜਾਵੇਗੀ। ਉਚੇਰੀ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਪੁਸਤਕ ਸੱਭਿਆਚਾਰ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ ਜਿਹੇ ਉਘੇ ਸਾਹਿਤਕਾਰਾਂ ਦੀ ਇਸ ਧਰਤੀ ’ਤੇ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਤੇ ਮਿਆਰੀ ਸਾਹਿਤ ਦੇ ਸੁਮੇਲ ਵਾਲੀਆਂ ਲਾਇਬਰੇਰੀਆਂ ਨੌਜਵਾਨਾਂ ਨੂੰ ਚੰਗੀ ਦਿਸ਼ਾ ਦੇਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੀਆਂ 6 ਲਾਇਬਰੇਰੀਆਂ ਅੰਦਾਜ਼ਨ ਡੇਢ ਕਰੋੜ ਦੀ ਲਾਗਤ ਨਾਲ ਬਣਨਗੀਆਂ ਤੇ 4 ਲਾਇਬਰੇਰੀਆਂ ਫਰਵਾਹੀ, ਦਾਨਗੜ, ਰੂੜੇਕੇ ਕਲਾਂ ਤੇ ਰਾਏਸਰ ਪੰਜਾਬ ਦੀ ਉਸਾਰੀ ਛੇਤੀ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਲਾਇਬਰੇਰੀ ਅੰਦਾਜ਼ਨ 25 ਲੱਖ ਦੀ ਲਾਗਤ ਆਵੇਗੀ, ਜਿਸ ਵਿਚ ਉਸਾਰੀ ਲਾਗਤ, ਫਰਨੀਚਰ ਤੇ ਕਿਤਾਬਾਂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਉਦਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਮਿਆਰੀ ਸਾਹਿਤ ਨਾਲ ਜੋੜਨਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਪਿੰਡ ਬਡਬਰ ਤੇ ਨੰਗਲ ਵਿਚ ਵੀ ਲਾਇਬਰੇਰੀ ਬਣਾਉਣ ’ਤੇ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਲਾਇਬਰੇਰੀਆਂ ਪੰਚਾਇਤੀ ਜ਼ਮੀਨ ’ਤੇ ਅਤੇ ਕੁਝ ਸਕੂਲਾਂ ਦੀ ਹੱਦ ’ਚ ਬਣਨਗੀਆਂ। ਲਾਇਬਰੇਰੀਆਂ ਦੇ ਪ੍ਰਾਜੈਕਟ ਦਾ ਬੀੜਾ ਚੁੱਕਣ ਵਾਲੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਪਰਮਵੀਰ ਸਿੰਘ ਨੇ ਦੱਸਿਆ ਕਿ ਇਨਾਂ ਲਾਇਬਰੇਰੀਆਂ ਲਈ ਫਰਨੀਚਰ ਆਈਕੀਆ ਕੰਪਨੀ ਦੇ ਬੰਗਲੌਰ ਸਟੋਰ ਤੋਂ ਲਿਆਂਦਾ ਜਾ ਰਿਹਾ ਹੈ, ਜਿਸ ਵਿਚ ਸੋਫੇ, ਕੁਰਸੀਆਂ, ਮੇਜ, ਕਿਤਾਬਾਂ ਲਈ ਰੈਕ, ਰਿਸੈਪਸ਼ਨ ਮੇਜ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨਾਂ ਏਸੀ ਲਾਇਬਰੇਰੀਆਂ ਵਿੱਚ ਕੰਪਿਊਟਰ ਤੇ ਵਾਈ-ਫਾਈ ਦੀ ਸਹੂਲਤ ਵੀ ਦਿੱਤੀ ਜਾਵੇਗੀ ਜੋ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰ ਲਾਇਬਰੇਰੀ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਤਰਾਂ ਦਾ ਆਧੁਨਿਕ ਤੇ ਸਮਕਾਲੀ ਸਾਹਿਤ ਰੱਖਿਆ ਜਾਵੇਗਾ।

Gee98 Ads
error: Content is protected !!