Gee 98News

ਅੰਮ੍ਰਿਤਪਾਲ ਸਿੰਘ ਦੇ ਚਾਚੇ ਨੇ 18 ਮਾਰਚ ਵਾਲੀ ਘਟਨਾ ਬਾਰੇ ਕੀਤਾ ਖੁਲਾਸਾ

ਚੰਡੀਗੜ੍ਹ, 20 ਮਾਰਚ (ਜੀ98 ਨਿਊਜ਼ ਸਰਵਿਸ)-“ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਨਾਲ 18 ਮਾਰਚ ਨੂੰ ਵਾਪਰੀ ਘਟਨਾ ਸੰਬੰਧੀ ਵੱਡਾ ਖੁਲਾਸਾ ਕੀਤਾ ਹੈ । ਹਰਜੀਤ ਸਿੰਘ ਨੇ ਕਿਹਾ ਹੈ ਕਿ ਜਦੋਂ ਆਪਣੇ ਠਿਕਾਣੇ ਤੋਂ ਕਾਫਲੇ ਸਮੇਤ ਚੱਲੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਰਸਤੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੈ, ਉਹਨਾਂ ਨੂੰ ਲੱਗਿਆ ਕਿ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਗਰਾਮ ‘ਤੇ ਜਾਣ ਤੋਂ ਰੋਕਣ ਲਈ ਲਗਾਈ ਗਈ ਹੋਵੇਗੀ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਨੇ ਮੋੜਾ ਕੱਟਿਆ ਪ੍ਰੰਤੂ ਜਦ ਪੁਲਸ ਦੀਆਂ ਗੱਡੀਆਂ ਉਹਨਾਂ ਦੇ ਕਾਫ਼ਲੇ ਦਾ ਪਿੱਛਾ ਕਰਨ ਲੱਗੀਆਂ ਤਾਂ ਉਨ੍ਹਾਂ ਖ਼ੁਦ ਕਾਫਲਾ ਰੁਕਵਾ ਕੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਪਿੱਛਾ ਕਿਉਂ ਕੀਤਾ ਜਾ ਰਿਹਾ ਹੈ । ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਕਿਹਾ ਕਿ ਜਿਸ ਵੇਲੇ ਉਹ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਅੰਮ੍ਰਿਤਪਾਲ ਸਿੰਘ ਦੀ ਗੱਡੀ ਕੁਝ ਗੱਡੀਆਂ ਪਿੱਛੇ ਸੀ, ਜਦੋਂ ਉਹ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਵਾਪਸ ਆਏ ਤਾਂ ਇਸੇ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਉੱਥੋਂ ਜਾ ਚੁੱਕੇ ਸਨ । ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਸਨਿੱਚਰਵਾਰ 18 ਮਾਰਚ ਵਾਲੀ ਘਟਨਾ ਤੋਂ ਬਾਅਦ ਇੱਕ ਪ੍ਰਾਈਵੇਟ ਟੀ ਵੀ ਚੈਨਲ ਨੂੰ ਇੰਟਰਵਿਊ ਦਿੱਤੀ ਅਤੇ ਉਕਤ ਖੁਲਾਸਾ ਕੀਤਾ ਕਿ ਉਹ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਚਾਹੁੰਦੇ ਹਨ ਅਤੇ ਇਸ ਤੋਂ ਬਾਅਦ ਹਰਜੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਸਮੇਤ ਆਤਮ-ਸਮਰਪਣ ਕਰ ਵੀ ਦਿੱਤਾ। ਚਰਚਾ ਇਹ ਵੀ ਹੈ ਕਿ ਹਰਜੀਤ ਸਿੰਘ ਨੂੰ ਪੁਲੀਸ ਨੇ ਘੇਰਾ ਪਾ ਕੇ ਫੜਿਆ ਅਤੇ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਨਗਦ ਅਤੇ ਇਕ 32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ । ਦੂਜੇ ਪਾਸੇ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਪੰਜਾਬ ਦੇ ਡੀਜੀਪੀ ਨੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਅਤੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

error: Content is protected !!