ਬਰਨਾਲਾ 31 ਮਾਰਚ ( ਨਿਰਮਲ ਸਿੰਘ ਪੰਡੋਰੀ)-
ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਨਾਟਕ ਦਾ ਮੰਚਨ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਸਥਾਨਕ ਬਾਬਾ ਸ਼ੇਖ ਫਰੀਦ ਹਾਈ ਸਕੂਲ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਸਿੱਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ। ਜ਼ਿਲ੍ਹਾ ਭਾਸ਼ਾ ਅਫਸਰ ਨੇ ਸਮਾਗਮ ਵਿੱਚ ਪਹੁੰਚਣ ਵਾਲੀਆਂ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ।ਉਹਨਾਂ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਭਾਸ਼ਾ,ਸਾਹਿਤ ਅਤੇ ਰੰਗਮੰਚ ਦੀ ਪ੍ਰਫੁਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਵੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਹਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤ ਸਿਰਜਣ ਅਤੇ ਕੁਇਜ਼ ਮੁਕਾਬਲਿਆਂ ਵਿਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਵਿਦਿਆਰਥੀਆਂ ਨੂੰ ਭਾਸ਼ਾ ਅਤੇ ਸਾਹਿਤ ਨਾਲ ਜੋੜਨ ਲਈ ਵਿੱਦਿਅਕ ਸੰਸਥਵਾਂ ਵਿੱਚ ਸਮਾਗਮ ਕਰਵਾਏ ਜਾਣ ਦੇ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਅਵਸਰ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਦਾ ਸਬੱਬ ਬਣਦੇ ਹਨ। ਇਸ ਮੌਕੇ ਦਿਲਪ੍ਰੀਤ ਚੌਹਾਨ ਦੀ ਨਿਰਦੇਸ਼ਨਾਂ ਹੇਠ ਉਹਨਾਂ ਦੇ ਹੀ ਲਿਖੇ ਨਾਟਕ “ਫਾਰਮ ਨੰਬਰ 65940” ਦਾ ਮੰਚਨ ਕੀਤਾ ਗਿਆ। ਪਰਵਾਜ਼ ਥੀਏਟਰ ਦੀ ਪੇਸ਼ਕਾਰੀ ਅਧੀਨ ਇਸ ਨਾਟਕ ਨੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ।ਨਾਟਕ ਜਰੀਏ ਬੇਰੁਜ਼ਗਾਰੀ ਦੀ ਸਮੱਸਿਆ ‘ਚੋਂ ਉਪਜਦੀਆਂ ਨਸ਼ਿਆਂ ਦਾ ਪਸਾਰਾ,ਮਾਨਸਿਕ ਤਣਾਅ ਅਤੇ ਘਰੇਲੂ ਕਲੇਸ਼ ਆਦਿ ਸਮੱਸਿਆਵਾਂ ਦੀ ਗੱਲ ਕਰਦਿਆਂ ਸਭ ਨੂੰ ਸੋਚਣ ਲਈ ਮਜਬੂਰ ਅਤੇ ਬੇਹੱਦ ਭਾਵੁਕ ਕਰ ਦਿੱਤਾ। ਇਸ ਮੌਕੇ ਨਾਟਕ ਦੇ ਸਹਿ-ਨਿਰਦੇਸ਼ਕ ਮੈਡਮ ਸੁਖਪ੍ਰੀਤ ਚੌਹਾਨ,ਸੁਦਰਸ਼ਨ ਗੁੱਡੂ, ਮਹਿੰਦਰ ਸਿੰਘ ਰਾਹੀ, ਮੇਜਰ ਸਿੰਘ ਰਾਜਗੜ੍ਹ, ਜ਼ਿਲ੍ਹਾ ਭਾਸ਼ਾ ਦਫਤਰ ਦੇ ਕਲਰਕ ਸੁਖਮੁਨੀ ਸਿੰਘ, ਗੋਬਿੰਦ ਸਿੰਘ ਸਕੂਲ ਦੇ ਅਧਿਆਪਕ ਕੁਲਦੀਪ ਕੌਰ, ਰਵਿੰਦਰ ਕੌਰ, ਨਰਿੰਦਰਜੀਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਬਲਜਿੰਦਰ ਕੌਰ ਅਤੇ ਮੈਡਮ ਪੂਜਾ ਸਮੇਤ ਵਿਦਿਆਰਥੀ ਹਾਜ਼ਰ ਸਨ।










