-ਨਸ਼ਾ ਛੁਡਾਊ ਕੇਂਦਰ ਦੇ ਪੰਜ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ
ਚੰਡੀਗੜ੍ਹ,12 ਜੂਨ-ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀਆਂ ਆਪਹੁਦਰੀਆਂ ਅਤੇ ਨਸ਼ਾ ਛੱਡਣ ਆਏ ਨੌਜਵਾਨਾਂ ‘ਤੇ ਸਿਤਮਜ਼ਰੀਫ਼ੀ ਦੀਆਂ ਖ਼ਬਰਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ, ਇਸ ਦੇ ਬਾਵਜੂਦ ਵੀ ਇਹਨਾਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀਆਂ ਮਨਮਾਨੀਆਂ ਖਤਮ ਨਹੀਂ ਹੋ ਰਹੀਆਂ ਅਤੇ ਨਾ ਹੀ ਸਰਕਾਰ ਇਸ ਪਾਸੇ ਵੱਲ ਧਿਆਨ ਦੇ ਰਹੀ ਹੈ । ਤਾਜ਼ਾ ਖ਼ਬਰ ਅਨੁਸਾਰ ਖੰਨਾ ਸ਼ਹਿਰ ਦੇ ਪਾਇਲ ਇਲਾਕੇ ਵਿੱਚ ਕੱਦੋਂ ਰੋਡ ‘ਤੇ ਗੈਰਕਾਨੂੰਨੀ ਤੌਰ ‘ਤੇ ਚਲਾਏ ਜਾ ਰਹੇ ਗੁਰੂ ਕ੍ਰਿਪਾ ਵਿਦਿਆਲਿਆ ਦੇ ਨਾਮ ‘ਤੇ ਨਸ਼ਾ ਛੁਡਾਊ ਕੇਂਦਰ ਵਿੱਚ ਨਸ਼ੇ ਤੋਂ ਮੁਕਤੀ ਪਾਉਣ ਆਏ ਇੱਕ ਨੌਜਵਾਨ ਨੂੰ ਪ੍ਰਬੰਧਕਾਂ ਵੱਲੋਂ ਕੁੱਟ-ਕੁੱਟ ਕੇ ਜ਼ਿੰਦਗੀ ਤੋਂ ਮੁਕਤੀ ਦੇ ਦਿੱਤੀ । 21 ਅਪ੍ਰੈਲ ਨੂੰ ਇਸ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਨੇ ਨੌਜਵਾਨ ਨੂੰ ਏਨਾ ਕੁੱਟਿਆ ਕਿ ਉਸਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਅਮਨਦੀਪ ਸਿੰਘ ਕਰੀਬ ਦੋ ਕੁ ਮਹੀਨੇ ਪਹਿਲਾਂ ਇਸ ਕੇਂਦਰ ਵਿੱਚ ਨਸ਼ਾ ਛੱਡਣ ਲਈ ਦਾਖਲ ਹੋਇਆ ਸੀ, ਜਿਸ ਨੂੰ ਕਿਸੇ ਗੱਲ ਤੋਂ ਪ੍ਰਬੰਧਕਾਂ ਨੇ ਡੰਡਿਆਂ ਨਾਲ ਕੁੱਟਿਆ ਤੇ ਉਸ ਦੀ ਮੌਤ ਹੋ ਗਈ । ਅਮਨਦੀਪ ਦੀ ਮੌਤ ਹੋਣ ਤੋਂ ਬਾਅਦ ਪ੍ਰਬੰਧਕਾਂ ਨੇ ਨਸ਼ਾ ਛੁਡਾਊ ਕੇਂਦਰ ਵਿਚ ਰਹਿੰਦੇ ਬਾਕੀ ਨੌਜਵਾਨਾਂ ਨੂੰ ਬੰਦ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਬਾਹਰ ਲੈ ਗਏ । ਇਹ ਸਾਰੀ ਘਟਨਾ ਅੰਮ੍ਰਿਤਸਰ ਤੋਂ ਹੀ ਪੰਜ ਕੁ ਮਹੀਨੇ ਪਹਿਲਾਂ ਇਸ ਕੇਂਦਰ ਵਿਚ ਦਾਖਲ ਹੋਏ ਫਤਹਿ ਸਿੰਘ ਅਤੇ ਹੋਰ ਨੌਜਵਾਨਾਂ ਦੇ ਸਾਹਮਣੇ ਵਾਪਰੀ । ਲਾਸ਼ ਨੂੰ ਕਿਤੇ ਬਾਹਰ ਛੱਡ ਕੇ ਵਾਪਸ ਕੇਂਦਰ ਵਿੱਚ ਆਏ ਅਮਨਦੀਪ ਨੂੰ ਕੁੱਟਣ ਵਾਲੇ ਮੁਲਜ਼ਮਾਂ ਨੇ ਬਾਕੀ ਨੌਜਵਾਨਾਂ ਨੂੰ ਕਿਹਾ ਕਿ ਅਮਨਦੀਪ ਸਿੰਘ ਨੂੰ ਘਰ ਛੱਡ ਦਿੱਤਾ ਗਿਆ ਹੈ । ਇਸ ਘਟਨਾ ਨੂੰ ਵਾਪਰਨ ਤੋਂ ਕਰੀਬ ਡੇਢ ਮਹੀਨੇ ਤੱਕ ਵੀ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਨਸ਼ਾ ਕੇਂਦਰ ਦੇ ਪ੍ਰਬੰਧਕਾਂ ਵੱਲੋਂ ਹੀ ਕੁੱਟ ਕੇ ਮਾਰ ਦਿੱਤਾ ਗਿਆ ਹੈ, ਜਦੋਂ ਰੂਟੀਨ ਵਿੱਚ ਹੀ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ 9 ਜੂਨ ਨੂੰ ਨਸ਼ਾ ਛੁਡਾਊ ਕੇਂਦਰ ਅਮਨਦੀਪ ਨੂੰ ਮਿਲਣ ਆਇਆ ਤਾਂ ਫਤਿਹ ਸਿੰਘ ਅਤੇ ਹੋਰ ਨੌਜਵਾਨਾਂ ਨੇ ਉਸ ਨੂੰ ਸਾਰੀ ਘਟਨਾ ਬਾਰੇ ਦੱਸ ਦਿੱਤਾ । ਰਵਿੰਦਰ ਸਿੰਘ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ । ਜਾਂਚ ਦੌਰਾਨ ਫ਼ਤਹਿ ਸਿੰਘ ਅਤੇ ਹੋਰ ਨੌਜਵਾਨਾਂ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਸਾਹਮਣੇ ਪ੍ਰਬੰਧਕਾਂ ਨੇ ਅਮਨਦੀਪ ਸਿੰਘ ਨੂੰ ਡੰਡਿਆਂ ਨਾਲ ਕੁੱਟਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ ਅਤੇ ਪ੍ਰਬੰਧਕਾਂ ਉਸਦੀ ਲਾਸ਼ ਨੂੰ ਬਾਹਰ ਕਿਤੇ ਟਿਕਾਣੇ ਲਗਾ ਆਏ । ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਹੋਰ ਨੌਜਵਾਨਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਕੇਂਦਰ ‘ਚ ਨੌਜਵਾਨਾਂ ‘ਤੇ ਥਰਡ ਡਿਗਰੀ ਤਸ਼ੱਦਦ ਕੀਤਾ ਜਾਂਦਾ ਸੀ। ਇੱਥੇ ਗੁਪਤ ਅੰਗਾਂ ‘ਤੇ ਡੰਡੇ ਮਾਰੇ ਜਾਂਦੇ ਸੀ। ਉਨ੍ਹਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਨਸ਼ਾ ਛੁਡਾਉਣ ਵਾਲੇ ਖੁਦ ਵੀ ਨਸ਼ੇ ਵਿਚ ਆ ਕੇ ਅੱਤਿਆਚਾਰ ਕਰਦੇ ਸਨ।ਪਾਇਲ ਥਾਣੇ ਦੇ ਐਸ ਐਚ ਓ ਵਿਨੋਦ ਕੁਮਾਰ ਦੇ ਦੱਸਣ ਅਨੁਸਾਰ ਉਕਤ ਮਾਮਲੇ ਵਿੱਚ ਪੰਜ ਮੁਲਜ਼ਮਾਂ ਪਰਨੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਕਰਮ ਸਿੰਘ ਵਿੱਕੀ, ਗੁਰਵਿੰਦਰ ਸਿੰਘ ਗਿੰਦਾ ਅਤੇ ਪ੍ਰਦੀਪ ਸਿੰਘ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ । ਫਿਲਹਾਲ ! ਸਾਰੇ ਮੁਲਜ਼ਮ ਫਰਾਰ ਹਨ ਪੁਲਿਸ ਦਾ ਦਾਅਵਾ ਹੈ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ।










