Skip to main content

Gee 98News

ਗੱਤਕੇ ਦੇ ਹੋਰ ਪਸਾਰ ਲਈ ਇਕੋ ਮੰਚ ‘ਤੇ ਇਕੱਠੇ ਹੋ ਕੇ ਢੁਕਵੀਂ ਨੀਤੀ ਬਣਾਉਣ ਦੀ ਲੋੜ-ਸੁੱਖ ਬਰਨਾਲਾ

-ਗੱਤਕਾ ਖੇਡਣ ਵਾਲੇ ਵਾਲੇ ਨੌਜਵਾਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ

ਬਰਨਾਲਾ, 21 ਜੂਨ ( ਨਿਰਮਲ ਸਿੰਘ ਪੰਡੋਰੀ)-ਅੱਜ ਪੰਜਾਬ ਦੇ ਕੁੱਝ ਵੱਖ-ਵੱਖ ਸ਼ਹਿਰਾਂ ਵਿੱਚ ਯੋਗਾ ਦਿਵਸ ਦੇ ਸਮਾਨੰਤਰ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਗੱਤਕਾ ਦਿਵਸ ਮਨਾਇਆ ਗਿਆ । ਗੱਤਕਾ ਦਿਵਸ ਮੌਕੇ ਕਰਵਾਏ ਇਨਾਂ ਵੱਖ-ਵੱਖ ਸਮਾਗਮਾਂ ਵਿੱਚ ਗੱਤਕੇ ਦਾ ਪ੍ਰਚਾਰ-ਪਸਾਰ ਹੋਰ ਜ਼ਿਆਦਾ ਕਰਨ ਲਈ ਵਿਚਾਰ ਚਰਚਾ ਕੀਤੀ ਜਾਂਦੀ ਹੈ । ਇੰਟਰਨੈਸ਼ਨਲ ਵੀਰ ਖਾਲਸਾ ਗੱਤਕਾ ਗਰੁੱਪ ਬਰਨਾਲਾ ਦੇ ਸੁੱਖ ਬਰਨਾਲਾ (ਸੁਖਵਿੰਦਰ ਸਿੰਘ) ਨੇ ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਨੂੰ ਗੱਤਕਾ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੇ ਆਪਣੇ ਖੇਤਰ ਵਿੱਚ ਆਪਣੇ-ਆਪਣੇ ਢੰਗ ਤਰੀਕਿਆਂ ਨਾਲ ਗੱਤਕੇ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਹ ਸ਼ੁੱਭ ਸੰਕੇਤ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਗੱਤਕੇ ਦੀ ਖੇਡ ਪ੍ਰਤੀ ਲੋਕ ਜਾਗਰੂਕ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਗੱਤਕਾ ਦਿਵਸ ਸਿਰਫ 21 ਜੂਨ, ਇਕ ਦਿਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਸਿੱਖ ਕੌਮ ਦੇ ਅਲੰਬਰਦਾਰਾਂ ਨੂੰ ਵੱਖਰੀਆਂ ਵਿਸ਼ੇਸ਼ ਯੋਜਨਾਵਾਂ ਬਣਾ ਕੇ ਗੱਤਕੇ ਪ੍ਰਤੀ ਉਸਾਰੂ ਨੀਤੀ ਲਿਆਉਣੀ ਚਾਹੀਦੀ ਹੈ । ਉਨ੍ਹਾਂ ਦੁੱਖ ਪਰਗਟ ਕੀਤਾ ਕਿ ਸਿਰਫ ਗੱਤਕਾ ਦਿਵਸ ਵਾਲੇ ਦਿਨ ਹੀ ਗੱਤਕਾ ਖੇਡਣ ਵਾਲੇ ਅਤੇ ਗੱਤਕੇ ਦੇ ਜੌਹਰ ਦਿਖਾਉਣ ਵਾਲੇ ਨੌਜਵਾਨਾਂ ਨੂੰ ਸਨਮਾਨਤ ਕੀਤਾ ਜਾਂਦਾ ਅਤੇ ਸ਼ਹੀਦ ਸਨਮਾਨ ਸਮਾਗਮਾਂ ਦੀਆਂ ਤਸਵੀਰਾਂ ਮੀਡੀਆ ਵਿੱਚ ਵੱਖ-ਵੱਖ ਪਲੇਟਫਾਰਮਾਂ ‘ਤੇ ਪਾ ਕੇ ਆਪਣਾ ਅਤੇ ਆਪਣੀਆਂ ਜਥੇਬੰਦੀਆਂ ਦਾ ਨਾਮ ਚਮਕਾਇਆ ਜਾਂਦਾ ਹੈ ਪ੍ਰੰਤੂ ਫਿਰ ਸਾਰਾ ਸਾਲ ਨੌਜਵਾਨਾਂ ਦੀ ਸਾਰ ਨਹੀਂ ਲਈ ਜਾਂਦੀ । ਸੁੱਖ ਬਰਨਾਲਾ ਨੇ ਖੁਲਾਸਾ ਕੀਤਾ ਕਿ ਗੱਤਕੇ ਦੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਜਾਣ ਵਾਲੇ ਕੁਝ ਨੌਜਵਾਨਾਂ ਦੇ ਆਰਥਿਕ ਹਾਲਾਤ ਇੰਨੇ ਕੁ ਮਾੜੇ ਹਨ ਜਿਨ੍ਹਾਂ ਦਾ ਜ਼ਿਕਰ ਕਰਦੇ ਹੋਏ ਵੀ ਗੱਚ ਭਰ ਜਾਂਦਾ ਹੈ । ਉਹਨਾਂ ਕਿਹਾ ਕਿ ਇਹ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਵਾਲੇ ਨੌਜਵਾਨਾਂ ਦੀ ਵੀ ਕਿਸੇ ਨੇ ਬਾਂਹ ਨਹੀਂ ਫੜੀ । ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ ਕੁਝ ਸਮੇਂ ਤੋਂ ਗੱਤਕੇ ਨੂੰ ਰਾਜਨੀਤਕ ਰੰਗਤ ਚਾੜ੍ਹੀ ਜਾ ਰਹੀ ਹੈ, ਜਦ ਕਿ ਚਾਹੀਦਾ ਤਾਂ ਇਹ ਹੈ ਕਿ ਸਿੱਖ ਕੌਮ ਇਕੋ ਮੰਚ ‘ਤੇ ਗੱਤਕੇ ਦੀ ਪ੍ਰਫੁੱਲਤਾ ਲਈ ਸਿਰ ਜੋੜ ਕੇ ਵਿਚਾਰ ਕਰੇ ਅਤੇ ਗੱਤਕਾ ਖੇਡਣ ਵਾਲੇ ਨੌਜਵਾਨਾਂ ਦੀ ਲੋੜ ਅਨੁਸਾਰ ਆਰਥਿਕ ਮਦਦ ਵੀ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਖਿਡਾਰੀ ਭਾਵੇਂ ਕਿਸੇ ਵੀ ਖੇਡ ਦਾ ਹੋਵੇ ਜੇਕਰ ਉਹਦੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੋਵੇਗੀ ਤਾਂ ਉਹ ਆਪਣੇ ਪੂਰੇ ਦਮਖ਼ਮ ਦੇ ਨਾਲ ਆਪਣੀ ਖੇਡ ਪ੍ਰਤੀ ਸੰਜੀਦਾ ਨਹੀਂ ਹੋ ਸਕੇਗਾ, ਇਸ ਲਈ ਇਹ ਜ਼ਰੂਰੀ ਹੈ ਕਿ ਗੱਤਕੇ ਦੀ ਖੇਡ ਨੂੰ ਸਿਰਫ਼ ਇਕ ਦਿਨ ਗੱਤਕਾ ਦਿਵਸ ਤੱਕ ਹੀ ਸੀਮਤ ਨਾ ਕੀਤਾ ਜਾਵੇ ਸਗੋਂ ਇਸਦੀ ਪ੍ਰਫੁੱਲਤਾ ਲਈ ਹਮੇਸ਼ਾ ਯਤਨਸ਼ੀਲ ਰਿਹਾ ਜਾਵੇ । ਸੁੱਖ ਬਰਨਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਚਾਹੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਹੈ, ਪ੍ਰੰਤੂ ਹੋ ਕੁਝ ਨਹੀਂ ਰਿਹਾ

Gee98 Ads
error: Content is protected !!