ਚੰਡੀਗੜ੍ਹ,15 ਜੁਲਾਈ-ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਪਾਣੀ ਦੀ ਮਾਰ ਤੋਂ ਬਾਅਦ ਹਿਮਾਚਲ ਅਤੇ ਪੰਜਾਬ ‘ਚ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਿਮਾਚਲ ਤੋਂ ਆ ਰਹੇ ਪਾਣੀ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਹਿਮਾਚਲ ਦੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਭਗਵੰਤ ਮਾਨ ਨੇ ਗੈਰ-ਜ਼ਿੰਮੇਵਾਰਾਨਾ ਬਿਆਨ ਦਿੱਤਾ ਹੈ। ਹਿਮਾਚਲ ਦੇ ਉਦਯੋਗ ਮੰਤਰੀ ਨੇ ਕਿਹਾ ਕਿ ਜਦ ਪਹਾੜਾਂ ‘ਤੇ ਭਾਰੀ ਵਰਖਾ ਹੋਵੇਗੀ ਤਾਂ ਪਾਣੀ ਹੇਠਾਂ ਨੂੰ ਹੀ ਆਵੇਗਾ । ਭਗਵੰਤ ਮਾਨ ਦੇ “ਹੁਣ ਲੈ ਲਵੋ ਪਾਣੀ” ਵਾਲੇ ਬਿਆਨ ‘ਤੇ ਟਿੱਪਣੀ ਕਰਦੇ ਹੋਏ ਮੰਤਰੀ ਚੌਹਾਨ ਨੇ ਕਿਹਾ ਕਿ ਜਦੋਂ ਪੰਜਾਬ, ਹਿਮਾਚਲ, ਹਰਿਆਣਾ ਸਮੇਤ ਕਈ ਰਾਜ ਪਾਣੀ ਦੀ ਤ੍ਰਾਸਦੀ ਨਾਲ ਜੂਝ ਰਹੇ ਹਨ ਤਾਂ ਕਿਸੇ ਮੁੱਖ ਮੰਤਰੀ ਵੱਲੋਂ ਇਸ ਤਰ੍ਹਾਂ ਦਿੱਤਾ ਬਿਆਨ ਸ਼ੋਭਾ ਨਹੀਂ ਦਿੰਦਾ । ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਜ਼ਿਲ੍ਹਿਆਂ ‘ਚ ਹੜਾਂ ਦੇ ਪਾਣੀ ਦੀ ਮਾਰ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਸੀ ਕਿ “ਹਿਮਾਚਲ ਅਤੇ ਹਰਿਆਣਾ ਪੰਜਾਬ ਤੋਂ ਪਾਣੀ ਮੰਗ ਰਹੇ ਹਨ, ਹੁਣ ਪੰਜਾਬ ‘ਚ ਵਾਧੂ ਪਾਣੀ ਹੈ, ਲੈ ਲਵੋ ਪਾਣੀ” । ਭਗਵੰਤ ਮਾਨ ਨੇ ਕਿਹਾ ਸੀ ਕਿ “ਹਿਮਾਚਲ ਸਰਕਾਰ ਵਾਰ-ਵਾਰ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਜਦਕਿ ਪੰਜਾਬ ਦੇ ਲੋਕ ਹਿਮਾਚਲ ਤੋਂ ਆ ਰਹੇ ਹੜਾਂ ਦੇ ਪਾਣੀ ਨਾਲ ਪ੍ਰੇਸ਼ਾਨ ਹਨ”। ਦੂਜੇ ਪਾਸੇ ਹਿਮਾਚਲ ਦੇ ਉਦਯੋਗ ਮੰਤਰੀ ਨੇ ਕਿਹਾ ਕਿ ਜੇਕਰ ਮੀਂਹ ਦਾ ਪਾਣੀ ਹੇਠਾਂ ਪੰਜਾਬ ਵੱਲ ਨੂੰ ਆ ਰਿਹਾ ਤਾਂ ਇਸ ਵਿੱਚ ਹਿਮਾਚਲ ਸਰਕਾਰ ਅਤੇ ਹਿਮਾਚਲ ਦੇ ਲੋਕਾਂ ਦਾ ਕੋਈ ਕਸੂਰ ਨਹੀਂ, ਜਦ ਭਾਰੀ ਵਰਖਾ ਹੋਵੇਗੀ ਤਾਂ ਪਾਣੀ ਹੇਠਾਂ ਨੂੰ ਹੀ ਆਵੇਗਾ । ਉਦਯੋਗ ਮੰਤਰੀ ਨੇ ਇਹ ਤਲਖ਼ੀ ਭਰੀ ਟਿੱਪਣੀ ਵੀ ਕੀਤੀ ਕਿ ਜੇਕਰ ਹਿਮਾਚਲ ‘ਚ ਹੋਈ ਵਰਖਾ ਦਾ ਪਾਣੀ ਪੰਜਾਬ ‘ਚ ਨੁਕਸਾਨ ਕਰ ਰਿਹਾ ਹੈ ਤਾਂ ਇਸ ਨਾਲ ਹਿਮਾਚਲ ਦੇ ਹੱਕਾਂ ਦੀ ਗੱਲ ਖ਼ਤਮ ਨਹੀਂ ਹੋ ਜਾਂਦੀ ।







