Skip to main content

Gee 98News

ਮਹਿਲ ਕਲਾਂ ਤੋਂ ਬਰਨਾਲਾ ਮੁੱਖ ਸੜਕ ਬਣੀ ਖੂਨੀ ਸੜਕ…ਤਿੰਨ ਵੱਖ ਵੱਖ ਹਾਦਸਿਆਂ ‘ਚ 8 ਵਿਅਕਤੀਆਂ ਦੀ ਮੌਤ

ਮਹਿਲ ਕਲਾਂ, 1 ਸਤੰਬਰ ( ਜਸਵੰਤ ਸਿੰਘ ਲਾਲੀ )-ਬਰਨਾਲਾ ਤੋਂ ਲੁਧਿਆਣਾ ਸਟੇਟ ਹਾਈਵੇ ਦਾ ਮਹਿਲ ਕਲਾਂ ਤੋਂ ਸੰਘੇੜਾ ਪਿੰਡ ਤੱਕ ਦਾ ਹਿੱਸਾ ਖੂਨੀ ਸੜਕ ਦਾ ਰੂਪ ਧਾਰਨ ਕਰ ਚੁੱਕਾ ਹੈ । ਬੀਤੇ 24 ਘੰਟਿਆਂ ਦੇ ਦੌਰਾਨ ਇਸ ਸੜਕ ਉੱਪਰ ਤਿੰਨ ਵੱਖ ਵੱਖ ਹਾਦਸਿਆਂ ਵਿੱਚ 8 ਵਿਅਕਤੀ ਮੌਤ ਦੇ ਮੂੰਹ ਚਲੇ ਗਏ। ਬੁੱਧਵਾਰ ਦੀ ਸ਼ਾਮ ਮਹਿਲ ਕਲਾਂ ਨੇੜੇ ਹੋਏ ਇੱਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੂੰ ਕਿਸੇ ਵਾਹਨ ਨੇ ਫੇਟ ਮਾਰੀ ਜਿਸ ਨਾਲ ਮੋਟਰ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵੀਰਵਾਰ ਨੂੰ ਸ਼ਾਮ ਪਿੰਡ ਸਹਿਜੜਾ ਨੇੜੇ ਇੱਕ ਕੰਟੇਨਰ, ਟਰੈਕਟਰ-ਟਰਾਲੀ ਅਤੇ ਬਲੈਰੋ ਗੱਡੀ ਦੀ ਟੱਕਰ ਵਿੱਚ 3 ਵਿਅਕਤੀ ਮਾਰੇ ਗਏ। ਇਸੇ ਸੜਕ ‘ਤੇ ਭੱਦਲਵੱਡ ਨਜ਼ਦੀਕ ਸ਼ੁੱਕਰਵਾਰ ਸਵੇਰੇ 5 ਕੁ ਵਜੇ ਇੱਕ ਸਵਿਫਟ ਕਾਰ ਨੰਬਰ HR 86 3358 ਅਤੇ ਇੱਟਾਂ ਨਾਲ ਭਰੀ ਟਰਾਲੀ ਦੀ ਟੱਕਰ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਥਾਣਾ ਠੁੱਲੀਵਾਲ ਦੇ ਐਸ ਐਚ ਓ ਬਲਦੇਵ ਸਿੰਘ ਮਾਨ ਨੇ ਦੱਸਿਆ ਹਰਿਆਣਾ ਦੇ ਹਿਸਾਰ ਤੋਂ ਨਕੋਦਰ ਦਰਗਾਹ ‘ਤੇ ਮੱਥਾ ਟੇਕਣ ਜਾ ਰਹੇ ਸਨ ਤਾਂ ਪਿੰਡ ਭੱਦਲਵੱਡ ਦੇ ਨਜ਼ਦੀਕ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰਾਲੀ ਦੇ ਪਿੱਛੇ ਤੋਂ ਟਰਾਲੀ ਵਿੱਚ ਵੱਜੀ ਅਤੇ ਟਰਾਲੀ ਦੇ ਹੇਠਾਂ ਫਸ ਗਈ ਜਿਸ ਨਾਲ ਕਾਰ ਵਿਚ ਸਵਾਰ ਸੋਨੂੰ ਬਤਰਾ (40) ਵਿਕਾਸ (28) ਅਮ੍ਰਿਤਪਾਲ (25) ਅਤੇ ਇੱਕ 11 ਕੁ ਸਾਲ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇੱਟਾਂ ਦੇ ਭਰੇ ਟਰੈਕਟਰ ਟਰਾਲੀ ਨੂੰ ਸੋਮਾ ਸਿੰਘ ਸੰਘੇੜਾ ਡਰਾਈਵਰ ਚਲਾ ਰਿਹਾ ਸੀ ਟਰਾਲੀ ਪਿੱਛੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਸੀ । ਪੁਲਿਸ ਨੇ ਡਰਾਈਵਰ ਸੋਮਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!