Skip to main content

Gee 98News

ਜੇ ‘ਹੱਥ’ ਫੜੇਗਾ ‘ਝਾੜੂ’ ਤਾਂ…ਬੀਤੇ ਕੱਲ੍ਹ ਤੱਕ ਜਿਹੜੇ “ਚੋਰ” ਦਿਸਦੇ ਸੀ, ਉਹੀ “ਪਰਮ ਸਤਿਕਾਰਯੋਗ” ਹੋਣਗੇ….!

ਵਿਸ਼ੇਸ਼ ਰਿਪੋਰਟ : Gee98 news service

ਬਰਨਾਲਾ, 4 ਸਤੰਬਰ (ਨਿਰਮਲ ਸਿੰਘ ਪੰਡੋਰੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਾਂਗਰਸ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੇ ਬਿਆਨ ਤੋਂ ਬਾਅਦ ਪੰਜਾਬ ‘ਚ ਹੇਠਲੇ ਪੱਧਰ ‘ਤੇ ਕਾਂਗਰਸ ਅਤੇ ਮਹਿਸੂਸ ਕਰ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਵਰਕਰਾਂ ਦੀਆਂ ਪੋਸਟਾਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕਾਂਗਰਸ ਤੇ “ਆਪ” ਦੇ ਇਹ ਹੇਠਲੇ ਵਰਕਰ ਇੱਕ ਦੂਜੇ ਨੂੰ ਸਲਾਹਾਂ ਦੇ ਰਹੇ ਹਨ ਕਿ ਐਵੇਂ ਨਾ ਉਪਰਲੇ ਵੱਡੇ ਆਗੂਆਂ ਦੇ ਮਗਰ ਲੱਗ ਕੇ ਇੱਕ ਦੂਜੇ ਨਾਲ ਪਿੰਡਾਂ ਵਿੱਚ ਭਾਈਚਾਰਕ ਸਾਂਝ ਵਿਗਾੜੋ, ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿਸੇ ਪਾਰਟੀ ਦੀ ਹਾਈ ਕਮਾਂਡ ਆਪਣੇ ਹੇਠਲੇ ਵਰਕਰਾਂ ਨੂੰ ਕਿਸੇ ਦੂਜੀ ਪਾਰਟੀ ਦੀ ਹਾਈਕਮਾਂਡ ਕੋਲ ਵੇਚ ਦੇਵੇ । ਪੰਜਾਬ ‘ਚ ਕਾਂਗਰਸ ਅਤੇ ਗੱਠਜੋੜ ਦੀਆਂ ਖਬਰਾਂ ਦੇ ਦੌਰਾਨ ਮਹਿਲ ਕਲਾਂ ਨਾਲ ਸੰਬੰਧਿਤ ਇੱਕ ਟਕਸਾਲੀ ਕਾਂਗਰਸੀ ਵਰਕਰ ਨੇ ਟਿੱਪਣੀ ਕੀਤੀ ਕਿ “ਰਾਜਨੀਤੀ ਬਹੁਤ ਗੰਦੀ ਖੇਡ ਹੋ ਚੁੱਕੀ ਹੈ,ਪਤਾ ਨਹੀਂ ਕਿਹੜੀ ਪਾਰਟੀ ਦੀ ਹਾਈ ਕਮਾਂਡ ਕਿਹੜੇ ਵੇਲੇ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਦਾ ਸੌਦਾ ਕਰ ਲੈਂਦੀ ਹੈ”। ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਕਿਹਾ ਕਿ “ਜਿਹੜੀ ਕਾਂਗਰਸ ਪਾਰਟੀ ਨੂੰ ਅਸੀਂ ਸ਼ਰੇਆਮ ਭੰਡਦੇ ਰਹੇ ਹਾਂ ਕਿ ਇਹਨਾਂ ਨੇ 70 ਸਾਲਾਂ ਤੋਂ ਦੇਸ਼ ਦਾ ਕੁਝ ਨਹੀਂ ਕੀਤਾ, ਹੁਣ ਉਹਨਾਂ ਦੀ ਖਾਤਿਰ ਵੋਟਾਂ ਕਿਵੇਂ ਮੰਗਾਂਗੇ” । ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਭਾਵੀ ਗਠਜੋੜ ‘ਤੇ ਤਨਜ਼ ਕੀਤਾ ਕਿ “ਇਹ ਵੇਖਣਾ ਦਿਲਚਸਪ ਹੋਵੇਗਾ ਕਿ 25-30 ਪਾਰਟੀਆਂ ਚੋਣ ਪ੍ਰਚਾਰ ਮੌਕੇ ਗੱਡੀ ‘ਤੇ 25-30 ਝੰਡੇ ਇਕੱਠੇ ਕਿਵੇਂ ਲਾਉਣਗੀਆਂ”।

ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਟਿੱਪਣੀ ਕੀਤੀ ਕਿ “ਬੀਤੇ ਦਿਨਾਂ ‘ਚ ਸਿਆਸੀ ਤੌਰ ‘ਤੇ ਜੁੰਡੋ-ਜੁੰਡੀ ਹੋਣ ਵਾਲਿਆਂ ਨੇ ਲਾਲਸਾ ਅਧੀਨ ਜੱਫੀਆਂ ਪਾ ਲਈਆਂ ਹਨ”। ਜੇਕਰ ਕਾਂਗਰਸ, ਆਮ ਆਦਮੀ ਪਾਰਟੀ ਪੰਜਾਬ ‘ਚ ਮਿਲ ਕੇ ਚੋਣਾਂ ਲੜਦੀਆਂ ਹਨ ਤਾਂ ਹੇਠਲੇ ਪੱਧਰ ਦੇ ਵਰਕਰਾਂ ਨੂੰ ਬਹੁਤਾ ਫਰਕ ਨਹੀਂ ਪਵੇਗਾ ਪਰੰਤੂ ਸੂਬਾ ਪੱਧਰ ਦੇ ਆਗੂਆਂ ਦੀ ਹਾਲਤ ਵੇਖਣ ਯੋਗ ਹੋਵੇਗੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂ ਤਾਂ ਸ਼ਰੇਆਮ ਇਹ ਕਹਿ ਚੁੱਕੇ ਹਨ ਕਿ ਉਹ ਆਪ ਆਗੂਆਂ ਦਾ ਮੂੰਹ ਤੱਕ ਦੇਖਣਾ ਪਸੰਦ ਨਹੀਂ ਕਰਦੇ, ਗੱਠਜੋੜ ਤਾਂ ਦੂਰ ਦੀ ਗੱਲ ਰਹੀ”। ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸੂ ਦੀ ਗ੍ਰਿਫਤਾਰੀ ਵੇਲੇ ਭਗਵੰਤ ਮਾਨ ਕਾਂਗਰਸੀ ਆਗੂਆਂ ਨੂੰ ਟਕੇ-ਟਕੇ ਦੀਆਂ ਗੱਲਾਂ ਕਹਿੰਦੇ ਰਹੇ ਹਨ ਅਤੇ ਅਤੇ ਗੱਠਜੋੜ ਹੋਣ ਦੀ ਸੂਰਤ ਵਿੱਚ ਜਦੋਂ ਇਹ ਆਗੂ ਸਾਂਝੀਆਂ ਸਟੇਜਾਂ ‘ਤੇ ਇੱਕ ਦੂਜੇ ਨੂੰ “ਪਰਮ ਸਤਿਕਾਰਯੋਗ” ਅਤੇ “ਸਾਡੇ ਬਹੁਤ ਹੀ ਸਤਿਕਾਰਯੋਗ” ਸ਼ਬਦਾਂ ਨਾਲ ਸੰਬੋਧਨ ਕਰਨਗੇ ਤਾਂ ਸਵਾਰਥੀ ਰਾਜਨੀਤੀ ਵੀ ਇਹ ਸਭ ਤੋਂ ਵੱਡੀ ਝਲਕ ਹੋਵੇਗੀ। ਭਾਵੇਂ ਕਿ ਗੱਠਜੋੜ ਨੂੰ ਰੋਕਣਾ ਹੇਠਲੇ ਪੱਧਰ ਦੇ ਵਰਕਰਾਂ ਦੇ ਵੱਸ ਦੀ ਗੱਲ ਨਹੀਂ ਪਰੰਤੂ ਪਾਰਟੀ ਨੂੰ ਪੂਰੀ ਤਰ੍ਹਾਂ ਸਮਰਪਿਤ ਇਹ ਵਰਕਰ ਲੋਕਾਂ ਤੋਂ ਚੋਰੀ “ਕੀ ਖੱਟਿਆ ਮੈਂ ਤੇਰੀ ਹੀਰ ਬਣਕੇ” ਗੀਤ ਤਾਂ ਸੁਣ ਹੀ ਸਕਦੇ ਹਨ । ਬਹਰਹਾਲ ! ਇਹ ਵੀ ਵੇਖਣਯੋਗ ਹੋਵੇਗਾ ਕਿ ਜੇਕਰ ਪੰਜਾਬ ‘ਚ ਦੋਵਾਂ ਪਾਰਟੀਆਂ ਦਾ ਗੱਠਜੋੜ ਹੁੰਦਾ ਹੈ ਤਾਂ ਕੀ ਹੇਠਲੇ ਪੱਧਰ ਦੇ ਭਮੱਕੜ ਵਰਕਰ ਗੱਠਜੋੜ ਦੀ ਖਿਚੜੀ ਦਾ ਸੁਆਦ ਚੱਖਣਗੇ ਜਾਂ ਫਿਰ ਸੇਵੀਆਂ ਵਿਚ ਲੂਣ ਭੁੱਕਣਗੇ ।

Gee98 Ads
error: Content is protected !!