Skip to main content

Gee 98News

ਬਿਆਸ ਦਰਿਆ ‘ਚ ਛਾਲ ਮਾਰਨ ਵਾਲੇ ਢਿੱਲੋ ਭਰਾਵਾਂ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸਖ਼ਤ ਚਿਤਾਵਨੀ

ਚੰਡੀਗੜ੍ਹ, 5 ਸਤੰਬਰ-ਐਸ ਐਚ ਓ ਦੀ ਬਦਸਲੂਕੀ ਤੋਂ ਤੰਗ ਆ ਕੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਵਾਲੇ ਦੋ ਸਕੇ ਭਰਾਵਾਂ ਮਾਨਵਜੀਤ ਸਿੰਘ ਅਤੇ ਜਸ਼ਨਬੀਰ ਸਿੰਘ ਢਿੱਲੋ ਦੇ ਪਿਤਾ ਜਤਿੰਦਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਜਤਿੰਦਰਪਾਲ ਸਿੰਘ ਪੁਲਿਸ ‘ਤੇ ਇਸ ਗੱਲੋ ਖ਼ਫ਼ਾ ਹੈ ਕਿ ਜਸ਼ਨਬੀਰ ਸਿੰਘ ਦੀ ਲਾਸ਼ ਮਿਲਣ ਤੋਂ ਤਿੰਨ ਦਿਨ ਬਾਅਦ ਤੱਕ ਵੀ ਐਸ ਐਚ ਓ ਨਵਦੀਪ ਸਿੰਘ ਅਤੇ ਉਸਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਮ੍ਰਿਤਕ ਢਿੱਲੋਂ ਭਰਾਵਾਂ ਦੇ ਪਿਤਾ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤਿੰਨਾਂ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ 6 ਸਤੰਬਰ ਬੁੱਧਵਾਰ ਨੂੰ ਕਪੂਰਥਲਾ ਹਸਪਤਾਲ ਦੇ ਮੁਰਦਾ ਘਰ ਤੋਂ ਜਸ਼ਨਬੀਰ ਦੀ ਮ੍ਰਿਤਕ ਦੇਹ ਜਲੰਧਰ ਲੈ ਕੇ ਆਉਣਗੇ ਅਤੇ ਇਸ ਤੋਂ ਬਾਅਦ ਉਹ ਮ੍ਰਿਤਕ ਦੇਹ ਨੂੰ ਜਲੰਧਰ ਤੋਂ ਚੰਡੀਗੜ੍ਹ ਲੈ ਕੇ ਜਾਣਗੇ ਅਤੇ ਉੱਥੇ ਜਾ ਕੇ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਪਰਿਵਾਰ ਨੇ ਇਹ ਵੀ ਦੋਸ਼ ਲਗਾਏ ਕਿ ਦੋਵੇਂ ਮ੍ਰਿਤਕ ਭਰਾਵਾਂ ਦੀਆਂ ਲਾਸ਼ਾਂ ਲੱਭਣ ਵਿੱਚ ਪੁਲਿਸ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਅਤੇ ਹੁਣ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਕਿਸੇ ਨਾਲ ਪਰਿਵਾਰਿਕ ਝਗੜੇ ਦੇ ਸੰਬੰਧ ਵਿੱਚ ਥਾਣੇ ਗਏ ਮਾਨਵਜੀਤ ਸਿੰਘ ਦੀ ਐਸ ਐਚ ਓ ਨਵਦੀਪ ਸਿੰਘ ਨੇ ਕੁੱਟਮਾਰ ਕੀਤੀ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੀ ਸ਼ਿਕਾਇਤ ‘ਤੇ ਉਸ ਦੇ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕਰਕੇ ਥਾਣੇ ਬੰਦ ਕਰ ਦਿੱਤਾ।‌ ਇਸ ਗੱਲ ਦਾ ਮਾਨਵਜੀਤ ਸਿੰਘ ਦੇ ਛੋਟੇ ਭਰਾ ਜਸ਼ਨਬੀਰ ਨੂੰ ਲੱਗਿਆ ਤਾਂ ਉਹ ਕਾਫੀ ਸ਼ਰਮ ਤੇ ਦੁੱਖ ਮਹਿਸੂਸ ਕਰ ਗਿਆ ਅਤੇ ਜਦ ਦੂਜੇ ਦਿਨ ਮਾਨਵਜੀਤ ਵੀ ਜ਼ਮਾਨਤ ਹੋਈ ਤਾਂ ਉਸ ਨੂੰ ਪਤਾ ਲੱਗਾ ਕਿ ਘਟਨਾ ਤੋਂ ਦੁਖੀ ਹੋ ਕੇ ਜਸ਼ਨਬੀਰ ਦਰਿਆ ਵਿੱਚ ਛਾਲ ਮਾਰਨ ਲਈ ਚਲਾ ਗਿਆ ਤਾਂ ਮਾਨਵਜੀਤ ਸਿੰਘ ਵੀ ਉਸਦੇ ਪਿੱਛੇ ਚਲਿਆ ਗਿਆ । ਮਾਨਵਜੀਤ ਨੇ ਆਪਣੇ ਛੋਟੇ ਭਰਾ ਜਸਨਬੀਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਦੇਖਦੇ ਹੀ ਦੇਖਦੇ ਜਸ਼ਨਬੀਰ ਨੇ ਗੋਇੰਦਵਾਲ ਸਾਹਿਬ ਪੁੱਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ। ਜਿਸ ਨੂੰ ਬਚਾਉਣ ਲਈ ਮਾਨਵਜੀਤ ਨੇ ਵੀ ਮਗਰ ਛਾਲ ਮਾਰ ਦਿੱਤੀ ਸੀ । ਉਸੇ ਦਿਨ ਤੋਂ ਹੀ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਸੀ ਕੁੱਝ ਦਿਨ ਪਹਿਲਾਂ ਜਸ਼ਨਬੀਰ ਸਿੰਘ ਦੀ ਲਾਸ਼ ਮਿਲੀ ਜਿਸ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਸ ਐਚ ਓ, ਮੁਨਸ਼ੀ ਅਤੇ ਮਹਿਲਾ ਕਾਂਸਟੇਬਲ ਦੇ ਖ਼ਿਲਾਫ਼ ਮੁਕੱਦਮਾ ਦਰਜ ਤਾਂ ਕੀਤਾ ਪ੍ਰੰਤੂ ਤਿੰਨਾਂ ਵਿੱਚੋਂ ਕਿਸੇ ਵੀ ਮੁਜਰਿਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

error: Content is protected !!