Skip to main content

Gee 98News

ਪਟਵਾਰੀ ਬਨਾਮ ਸਰਕਾਰ : ਵਿਜੀਲੈਂਸ ਨੂੰ ਉਤਾਰਿਆ ਮੈਦਾਨ ‘ਚ.. ਕੱਠੇ ਹੋਣਗੇ ਜਾਇਦਾਦਾਂ ਦੇ ਵੇਰਵੇ

-ਪਟਵਾਰੀਆਂ ਅੱਗੇ ਝੁਕਣ ਦੇ ਮੂਡ ਵਿਚ ਨਹੀ ਹੈ ਭਗਵੰਤ ਮਾਨ
ਚੰਡੀਗੜ੍ਹ,‌7 ਸਤੰਬਰ (Gee98 news service)-ਪੰਜਾਬ ਸਰਕਾਰ ਅਤੇ ਪਟਵਾਰੀਆਂ ਵਿਚਕਾਰ ਫਸਿਆ ਪੇਚ ਨਿਕਲਣ ਦੀ ਬਜਾਏ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਸਰਕਾਰ ਨੇ ਹੜਤਾਲ ‘ਤੇ ਬੈਠੇ ਪਟਵਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਜਦੋਂ ਪਟਵਾਰੀਆਂ ਨੇ ਕਲਮ ਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਤਾਂ ਸਰਕਾਰ ਨੇ ਹੜ੍ਹਤਾਲੀ ਮੁਲਾਜ਼ਮਾਂ ‘ਤੇ ਐਸਮਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਪਟਵਾਰੀਆਂ ਨੇ ਆਪਣੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਨਾ ਦਾ ਫੈਸਲਾ ਕੀਤਾ ਅਤੇ ਵਾਧੂ ਸਰਕਲਾਂ ਦਾ ਕੰਮ ਛੱਡ ਦਿੱਤਾ। ਦੂਜੇ ਪਾਸੇ ਸਰਕਾਰ ਨੇ ਪਟਵਾਰੀਆਂ ਅੱਗੇ ਝੁਕਣ ਦੀ ਬਜਾਏ ਨਵੇਂ ਪਟਵਾਰੀਆਂ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਨਾਲ ਸਬੰਧਿਤ ਪਟਵਾਰੀਆਂ ਦੇ ਖ਼ਿਲਾਫ਼ ਵਿਜੀਲੈਂਸ ਨੂੰ ਮੈਦਾਨ ਵਿਚ ਉਤਾਰ ਦਿੱਤਾ । ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਰਕਾਰੀ ਇਸ਼ਾਰੇ ‘ਤੇ ਹਰਕਤ ਵਿੱਚ ਆਉਦੇ ਹੋਏ ਪਿਛਲੇ ਸਮੇ ਦੌਰਾਨ ਪਟਵਾਰੀਆਂ ਦੇ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਪਟਵਾਰੀ ਲੱਗਣ ਤੋਂ ਬਾਅਦ ਪਟਵਾਰੀਆਂ ਅਤੇ ਕਾਨੂੰਗੋਆਂ ਵੱਲੋਂ ਬਣਾਈ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ । ਭਰੋਸੇਯੋਗ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਵਿਜੀਲੈਂਸ ਨੂੰ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਉਣ ਵਾਲੇ ਪਟਵਾਰੀਆਂ ਸਬੰਧੀ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਪਟਵਾਰੀਆਂ ਦਾ ਨਕਾਰਾਤਮਕ ਪੱਖ ਫੈਲੇ ਅਤੇ ਪਟਵਾਰੀਆਂ ਨੂੰ ਲੋਕਾਂ ਦਾ ਸਮਰਥਨ ਨਾ ਮਿਲੇ। ਜਿਸ ਤਰ੍ਹਾਂ ਪਟਵਾਰੀਆਂ ਨੇ ਦਾਇਰੇ ਵਿੱਚ ਰਹਿ ਕੇ ਆਪਣੇ ਪੱਕੇ ਸਰਕਲਾਂ ਵਿੱਚ ਹੀ ਕੰਮ ਕਰਨ ਦਾ ਫੈਸਲਾ ਕੀਤਾ, ਉਸੇ ਤਰ੍ਹਾਂ ਸਰਕਾਰ ਵੀ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਹੜ੍ਹਤਾਲੀ ਪਟਵਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਰੌਂਅ ਵਿੱਚ ਹੈ। ਕਈ ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਪਟਵਾਰੀਆਂ ਦੀ ਹੜ੍ਹਤਾਲ ਖਤਮ ਕਰਵਾਉਣ ਸਬੰਧੀ ਕੋਈ ਹੁੰਗਾਰਾ ਨਾ ਭਰੇ ਜਾਣਾ ਸਰਕਾਰ ਦੀ ਮਨਸ਼ਾ ਨੂੰ ਸਾਫ਼ ਜ਼ਾਹਿਰ ਕਰਦਾ ਹੈ।

error: Content is protected !!