Skip to main content

Gee 98News

ਸਿਆਸੀ ਢੀਠਤਾਈ : ਨਾ ਕਿਸੇ ਚਿੱਠੀ ਦਾ ਜਵਾਬ ਦਿੱਤਾ…ਤੇ ਨਾ ਕੋਈ ਪੈਸਾ-ਟਕਾ ਦਿੰਦੇ ਨੇ….!

ਚੰਡੀਗੜ੍ਹ, 20 ਸਤੰਬਰ-ਪੰਜਾਬ ਨੇ ਇੱਕ ਵਾਰ ਫੇਰ ਜ਼ੋਰਦਾਰ ਤਰੀਕੇ ਨਾਲ ਆਪਣੇ ਹਿੱਸੇ ਦਾ ਪੇਂਡੂ ਵਿਕਾਸ ਫੰਡ ਜਾਰੀ ਕਰ ਲਈ ਕੇਂਦਰ ਤੋਂ ਮੰਗ ਕੀਤੀ ਹੈ। ਹੁਣ ਮੁਖ ਮੰਤਰੀ ਦਫ਼ਤਰ ਵੱਲੋਂ ਕੇਂਦਰ ਸਰਕਾਰ ਨੂੰ ਫੰਡ ਜਾਰੀ ਕਰਨ ਲਈ ਛੇਵਾਂ ਪੱਤਰ ਲਿਖਿਆ ਗਿਆ ਪ੍ਰੰਤੂ ਇਸ ਮਾਮਲੇ ‘ਚ ਕੇਂਦਰ ਟੱਸ ਤੋਂ ਮੱਸ ਨਹੀ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਆਰਡੀਐਫ ਫੰਡ ਜਾਰੀ ਨਾ ਕਰਨ ‘ਤੇ ਅਦਾਲਤ ਜਾਣ ਦੀ ਚਿਤਾਵਨੀ ਵੀ ਦਿੱਤੀ ਪਰ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਨੇ ਫੰਡ ਜਾਰੀ ਕਰਵਾਉਣ ਲਈ ਵੱਖ-ਵੱਖ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ। ਹੁਣ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਜਲਦੀ ਹੀ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਨੂੰ ਮਿਲ ਕੇ ਇਹ ਮੁੱਦਾ ਉਨ੍ਹਾਂ ਕੋਲ ਉਠਾਉਣਗੇ। ਕੇਂਦਰ ਵੱਲੋਂ ਸਮੇਂ ਸਿਰ ਫੰਡ ਜਾਰੀ ਨਾ ਕਰਨ ਕਰਕੇ ਪੰਜਾਬ ਵਿੱਚ ਵਿੱਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ । ਪੰਜਾਬ ਦਾ ਕੇਂਦਰ ਵੱਲ ਆਰਡੀਐਫ ਸਮੇਤ ਹਜ਼ਾਰਾਂ ਕਰੋੜ ਰੁਪਏ ਫੰਡ ਬਕਾਇਆ ਖੜਾ ਹੈ। ਇਸ ਵਿੱਚ ਪਿਛਲੇ ਚਾਰ ਖਰੀਦ ਸੈਸ਼ਨਾਂ ਦਾ ਬਕਾਇਆ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) 4000 ਕਰੋੜ ਰੁਪਏ ਹੈ, ਇਸ ਤੋਂ ਇਲਾਵਾ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦਾ ਵੀ 600 ਕਰੋੜ ਰੁਪਏ ਦਾ ਬਕਾਇਆ ਸੀ। ਇਸ ਦੇ ਨਾਲ ਹੀ ਵਿਸ਼ੇਸ਼ ਪੂੰਜੀ ਸਹਾਇਤਾ (SCA) ਦੀ 1,600 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ ਪੰਜਾਬ ਦਾ ਆਰਥਿਕ ਢਾਂਚਾ ਹਿੱਲਿਆ ਹੋਇਆ ਹੈ । ਕੇਂਦਰ ਵੱਲੋਂ ਜਿਸ ਤਰਾਂ ਫੰਡ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਪੰਜਾਬ ਨੇੜ ਭਵਿੱਖ ਵਿੱਚ ਜਲਦੀ ਹੀ ਕਾਨੂੰਨੀ ਰਾਹ ਅਖਤਿਆਰ ਕਰੇਗਾ ।

error: Content is protected !!