ਚੰਡੀਗੜ੍ਹ, 24 ਸਤੰਬਰ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਫ਼ਿਲਮ ਅਭਿਨੇਤਰੀ ਪਰਿਣੀਤੀ ਚੋਪੜਾ ਦੇ ਵਿਆਹ ਦੀਆਂ ਰਸਮਾਂ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈਆਂ, ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵਿਆਹ ਦੇ ਖਰਚੇ ਤੇ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਆਗੂ ਸਾਬਕਾ ਸੀਐੱਮ ਦਿਗਵਿਜੇ ਸਿੰਘ ਦੇ ਭਰਾ ਵਿਧਾਇਕ ਲਕਸ਼ਮਣ ਸਿੰਘ ਨੇ ਰਾਘਵ ਅਤੇ ਪਰਿਣੀਤੀ ਦੇ ਹਾਈ ਪ੍ਰੋਫਾਈਲ ਵਿਆਹ ‘ਤੇ ਸਵਾਲ ਖੜ੍ਹੇ ਕੀਤੇ ਹਨ। ਲਕਸ਼ਮਣ ਸਿੰਘ ਨੇ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਵਿਆਹ ‘ਤੇ 10 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ, ਇਹ ਕਾਲਾ ਧਨ ਕਿੱਥੋਂ ਆ ਰਿਹਾ ਹੈ। ਵਿਧਾਇਕ ਲਕਸ਼ਮਣ ਸਿੰਘ ਨੇ ਦੱਸਿਆ ਕਿ ਉਦੈਪੁਰ ਦੇ ਜਿਸ ਹੋਟਲ ਵਿੱਚ ਰਾਘਵ-ਪਰਿਣੀਤੀ ਦਾ ਵਿਆਹ ਹੋ ਰਿਹਾ ਹੈ, ਉਸ ਦੇ ਕਮਰੇ ਦਾ ਕਿਰਾਇਆ 30 ਤੋਂ 40 ਹਜ਼ਾਰ ਰੁਪਏ ਪ੍ਰਤੀ ਦਿਨ ਹੈ। ਆਮ ਆਦਮੀ ਪਾਰਟੀ ਕੋਲ ਇੰਨਾ ਪੈਸਾ ਕਿੱਥੋਂ ਆਇਆ? ਅਰਵਿੰਦ ਕੇਜਰੀਵਾਲ ਵੀ ਵਿਆਹ ‘ਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਧਿਆਨ ਰਹੇ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਨਿੱਕਲੀ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਇਸ ਦੇ ਆਗੂਆਂ ਦਾ ਠਾਠ ਰਵਾਇਤੀ ਪਾਰਟੀਆਂ ਦੇ ਆਗੂਆਂ ਵਾਲਾ ਹੀ ਬਣਦਾ ਜਾ ਰਿਹਾ ਹੈ, ਜਦ ਕਿ ਪਾਰਟੀ ਦੀ ਨੀਂਹ ਰੱਖਣ ਮੌਕੇ ਸ਼੍ਰੀ ਕੇਜਰੀਵਾਲ ਭਾਰਤੀ ਸਿਆਸਤ ਵਿੱਚ ਸਾਦਗੀ ਦੇ ਦਾਅਵੇ ਕਰਦੇ ਰਹੇ ਹਨ।









