Skip to main content

Gee 98News

…ਪੰਜਾਬ ਸਿਰ ਕਰਜ਼ੇ ਦੇ ਮੁੱਦੇ ‘ਤੇ ‘ਰਾਜੇ ਨੇ ਰਾਜਪਾਲ’ ਘੇਰਿਆ

ਚੰਡੀਗੜ੍ਹ,28 ਸਤੰਬਰ-ਪੰਜਾਬ ਦੀ ਆਮ ਆਦਮੀ ਪਾਰਟੀ ਦੇ 18 ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਸਿਰ ਚੜ੍ਹੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਮੁੱਦਾ ਗਰਮਾਇਆ ਹੋਇਆ ਹੈ। ਭਾਵੇਂ ਕਿ ਵਿਰੋਧੀ ਪਾਰਟੀਆਂ ਵੱਲੋਂ ਇਸ ਮਾਮਲੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਪਲੇਟਫਾਰਮ ‘ਤੇ ਘੇਰਿਆ ਜਾ ਰਿਹਾ ਹੈ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਵਿੱਚ ਸੂਬੇ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਲਪੇਟਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਹੁਣ ਭਾਵੇਂ ਰਾਜਪਾਲ ਮੁੱਖ ਮੰਤਰੀ ਨੂੰ 50 ਹਜ਼ਾਰ ਕਰੋੜ ਦੇ ਕਰਜ਼ੇ ਸਬੰਧੀ ਪੱਤਰ ਲਿਖ ਕੇ ਪੁੱਛ ਰਹੇ ਹਨ ਪ੍ਰੰਤੂ ਜਦੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰ ਨੇ ਇਹ ਮੁੱਦਾ ਉਠਾਇਆ ਸੀ ਉਸ ਵੇਲੇ ਰਾਜਪਾਲ ਚੁੱਪ ਕਿਉਂ ਰਹੇ । ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਦੇ ਅੰਦਰ ਬਜਟ ਸ਼ੈਸ਼ਨ ਵੇਲੇ ਹੀ ਆਮ ਆਦਮੀ ਪਾਰਟੀ ਵੱਲੋਂ ਚੁੱਕੇ ਜਾ ਰਹੇ ਕਰਜ਼ੇ ‘ਤੇ ਸਵਾਲ ਖੜ੍ਹੇ ਕੀਤੇ ਸਨ ਪਰੰਤੂ ਰਾਜਪਾਲ ਨੇ ਇਸ ਉੱਪਰ ਚੁੱਪੀ ਧਾਰੀ ਰੱਖੀ। ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮਿਹਣੋ- ਮੇਹਣੀ ਹੋਣ ਦੀ ਬਜਾਏ ਸੂਬੇ ਦੀ ਆਰਥਿਕ ਹਾਲਤ ‘ਤੇ ਤਰਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਆਪਣੀ ਮਸ਼ਹੂਰੀ ਦੀ ਖ਼ਾਤਰ ਸੂਬੇ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ ਅਤੇ ਰਾਜਪਾਲ ਵੱਲੋਂ ਕੇਂਦਰ ਸਰਕਾਰ ਅੱਗੇ ਬਕਾਇਆ ਫੰਡਾਂ ਦਾ ਮੁੱਦਾ ਸਮੇਂ ਸਿਰ ਨਹੀਂ ਚੁੱਕਿਆ ਗਿਆ । ਰਾਜਾ ਵੜਿੰਗ ਨੇ ਕਿਹਾ ਕਿ ਆਰਥਿਕ ਹਾਲਤ ਜੋ ਪੰਜਾਬ ਦੀ ਇਸ ਵੇਲੇ ਬਣੀ ਹੈ, ਇਸ ਲਈ ਮੁੱਖ ਮੰਤਰੀ ਅਤੇ ਰਾਜਪਾਲ ਦੋਵੇਂ ਹੀ ਜਿੰਮੇਵਾਰ ਹਨ ਪ੍ਰੰਤੂ ਦੋਵੇਂ ਜਣੇ ਆਪਣੀ ਅਸਫਲਤਾ ਨੂੰ ਛਪਾਉਣ ਦੀ ਖਾਤਰ ਇੱਕ ਦੂਜੇ ਨੂੰ ਚਿੱਠੀਆਂ ਲਿਖ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ।

error: Content is protected !!