Gee 98News

ਚੰਡੀਗੜ੍ਹ, 9 ਅਕਤੂਬਰ-ਪੰਜਾਬੀ ਗਾਇਕ ਗੁਰਦਾਸ ਮਾਨ ਦਾ ਕੈਨੇਡਾ ਸ਼ੋਅ ਰੱਦ ਹੋਣ ਦੀ ਘਟਨਾ ਸਪੱਸ਼ਟ ਕਰਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਦਰਮਿਆਨ “ਸਭ ਅੱਛਾ ਨਹੀਂ” ਹੈ । ਜ਼ਿਕਰਯੋਗ ਹੈ ਕਿ 22 ਤੋਂ 31 ਅਕਤੂਬਰ ਤੱਕ ਗੁਰਜੀਤ ਬੱਲ ਪ੍ਰੋਡਕਸ਼ਨ ਹਾਊਸ ਵੱਲੋਂ ਗੁਰਦਾਸ ਮਾਨ ਦੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣੇ ਸਨ, ਇਹ ਸਾਰੇ ਸਮਾਗਮ ਰੱਦ ਕਰਨ ਦੀ ਸੂਚਨਾ ਪ੍ਰੋਡਕਸ਼ਨ ਹਾਊਸ ਵੱਲੋਂ ਹੀ ਦਿੱਤੀ ਗਈ ਹੈ । ਇਹ ਸੱਭਿਆਚਾਰਕ ਸ਼ੋਅ ਰੱਦ ਹੋਣ ਦੇ ਕਾਰਨ ਨੇੜ ਭਵਿੱਖ ਵਿੱਚ ਕੈਨੇਡਾ ਵਿਖੇ ਕੋਈ ਅਜਿਹਾ ਸਮਾਗਮ ਹੋਣ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ । ਪ੍ਰਬੰਧਕਾਂ ਨੇ ਤਰਕ ਦਿੱਤਾ ਹੈ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਰਾਜਨੀਤਿਕ ਅਸ਼ਾਂਤੀ ਅਤੇ ਵਿਗੜੇ ਹੋਏ ਹਾਲਾਤਾਂ ਦੇ ਮਦੇਨਜ਼ਰ ਗੁਰਦਾਸ ਮਾਨ ਦੇ ਸਾਰੇ ਸ਼ੋਅ ਰੱਦ ਕੀਤੇ ਜਾਂਦੇ ਹਨ । ਪ੍ਰਬੰਧਕਾਂ ਨੇ ਸ਼ੋਅ ਦੀਆਂ ਵਿਕੀਆਂ ਹੋਈਆਂ ਟਿਕਟਾਂ ਵਾਪਸ ਕਰਨ ਦੀ ਗੱਲ ਵੀ ਆਖੀ ਹੈ । ਭਾਰਤ ਅਤੇ ਕੈਨੇਡਾ ਦਰਮਿਆਨ ਵਿਗੜੇ ਹਾਲਾਤਾਂ ਕਾਰਨ ਸਭ ਤੋਂ ਵੱਧ ਚਿੰਤਾ ਪੰਜਾਬੀਆਂ ਨੂੰ ਹੋ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਕੈਨੇਡਾ ਰਹਿ ਰਹੇ ਹਨ, ਜਿਨਾਂ ਨੇ ਆਪਣਾ ਭਵਿੱਖ ਸੰਵਾਰਨ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਚਿੰਤਾ ਇਸ ਗੱਲ ਦੀ ਵੀ ਹੈ ਕਿ ਨੇੜ ਭਵਿੱਖ ਵਿੱਚ ਦੋਵਾਂ ਮੁਲਕਾਂ ਵਿਚਕਾਰ ਹਾਲਾਤ ਸਾਜ਼ਗਾਰ ਹੋਣ ਦੇ ਆਸਾਰ ਕਿਧਰੇ ਨਜ਼ਰ ਨਹੀਂ ਆ ਰਹੇ ਕਿਉਂਕਿ ਭਾਰਤ ਨੇ ਕੈਨੇਡਾ ਦੇ 41 ਦੂਤਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਹੈ ਅਤੇ 10 ਅਕਤੂਬਰ ਤੱਕ ਵਾਪਸ ਨਾ ਜਾਣ ਦੀ ਸੂਰਤ ਵਿੱਚ ਸਾਰੀਆਂ ਛੋਟਾਂ ਵਾਪਸ ਲੈਣ ਦਾ ਐਲਾਨ ਵੀ ਕੀਤਾ ਹੈ। ਬਹਰਹਾਲ ! ਗੁਰਦਾਸ ਮਾਨ ਦੇ ਸ਼ੋਅ ਰੱਦ ਹੋਣ ਦੀ ਘਟਨਾ ਨੂੰ ਮਹਿਜ਼ ਰਾਜਨੀਤਿਕ ਅਸ਼ਾਂਤੀ ਨਾਲ ਹੀ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਭਾਰਤ ਵਿੱਚ ਇੱਕ ਧਿਰ ਅਜਿਹੀ ਵੀ ਹੈ ਜੋ ਖੁੱਲੇ ਆਮ ਕੈਨੇਡਾ ਨੂੰ ਖਾਲਿਸਤਾਨੀ ਸਮਰਥਕਾਂ ਤੇ ਗੈਂਗਸਟਰਾਂ ਦੀ ਧਰਤੀ ਕਹਿ ਰਹੀ ਹੈ। ਭਾਰਤੀ ਮੀਡੀਆ ਦਾ ਇੱਕ ਹਿੱਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਈ ਨਿੱਝਰ ਦੇ ਕਤਲ ਸਬੰਧੀ ਦਿੱਤੇ ਬਿਆਨ ਨੂੰ ਕੈਨੇਡਾ ਦੀਆਂ ਚੋਣਾਂ ਨਾਲ ਵੀ ਜੋੜ ਰਿਹਾ ਹੈ। ਕੁੱਲ ਮਿਲਾ ਕੇ ਕੈਨੇਡਾ ਤੇ ਭਾਰਤ ਦਾ ਵਿਵਾਦ ਕੁਝ ਇਸ ਤਰ੍ਹਾਂ ਦੇ ਹਾਲਾਤ ਧਾਰਨ ਕਰ ਚੁੱਕਾ ਹੈ ਕਿ ਜੇਕਰ ਦੋਵਾਂ ਮੁਲਕਾਂ ਵਿਚਕਾਰ ਰਿਸ਼ਤੇ ਸੁਖਾਵੇਂ ਬਣ ਵੀ ਜਾਂਦੇ ਹਨ ਤਾਂ “ਰੱਸੀ ਵਿੱਚ ਗੰਢ” ਵਾਲੀ ਸਥਿਤੀ ਬਣੀ ਰਹੇਗੀ।

Leave a Reply

Your email address will not be published. Required fields are marked *

error: Content is protected !!