Gee 98News

ਅਜੀਬੋਗਰੀਬ ਚੋਰੀ : ਚੋਰ ਸਰਕਾਰੀ ਹਸਪਤਾਲ ‘ਚੋਂ ਜੀਭ ਥੱਲੇ ਰੱਖਣ ਵਾਲੀਆਂ 81000 ਗੋਲੀਆਂ ਚੁਰਾ ਕੇ ਲੈ ਗਏ

ਬਰਨਾਲਾ,9 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਅਧੀਨ ਪੈਂਦੇ ਕਸਬਾ ਭਦੌੜ ਦੇ ਸਿਵਲ ਹਸਪਤਾਲ ਵਿੱਚੋਂ ਨਸ਼ਾ ਪੀੜ੍ਹਤਾਂ ਨੂੰ ਦਿੱਤੀ ਜਾਣ ਵਾਲੀ ਜੀਭ ਦੇ ਥੱਲੇ ਰੱਖਣ ਵਾਲੀਆਂ 81000 ਗੋਲੀਆਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵੱਡੀ ਮਾਤਰਾ ਵਿੱਚ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਚੋਰੀ ਹੋਣ ਦੀ ਘਟਨਾ ਨੇ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ। ਸਿਵਲ ਹਸਪਤਾਲ ਭਦੌੜ ਵਿਖੇ ਤਾਇਨਾਤ ਡਾਕਟਰ ਰੂਬੀ ਨੇ ਇਸ ਚੋਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚੋਰ ਖਿੜਕੀ ਤੋੜ ਕੇ 9 ਡੱਬੇ ਗੋਲੀਆਂ ਦੇ ਚੁੱਕ ਕੇ ਲੈ ਗਏ, ਉਨਾਂ ਦੱਸਿਆ ਕਿ ਇੱਕ ਡੱਬੇ ਵਿੱਚ 9000 ਗੋਲੀਆਂ ਹੁੰਦੀਆਂ ਹਨ। ਇਹ ਗੋਲੀਆਂ ਸਰਕਾਰ ਵੱਲੋਂ ਨਸ਼ਾ ਪੀੜ੍ਹਤਾਂ ਨੂੰ ਨਸ਼ਾ ਛੱਡਣ ਦੇ ਮਕਸਦ ਲਈ ਦਿੱਤੀਆਂ ਜਾਂਦੀਆਂ ਹਨ । ਧਿਆਨ ਰਹੇ ਕਿ ਸਿਹਤ ਵਿਭਾਗ ਵੱਲੋਂ ਨਸ਼ਾ ਪੀੜ੍ਹਤਾਂ ਨੂੰ ਇਹ ਗੋਲੀ ਮੁਫ਼ਤ ਦਿੱਤੀ ਜਾਂਦੀ ਹੈ ਪ੍ਰੰਤੂ ‌ਪਰਦੇ ਦੇ ਪਿੱਛੇ ਇਹ ਗੋਲੀਆਂ ਨਸ਼ਾ ਪੀੜ੍ਹਤਾਂ ਵੱਲੋਂ ਮਹਿੰਗੇ ਰੇਟ ‘ਤੇ ਵੇਚ ਦਿੱਤੀਆਂ ਜਾਂਦੀਆਂ ਹਨ । ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਮਹਿੰਗੇ ਰੇਟਾਂ ‘ਤੇ ਵੇਚਣ ਦਾ ਗੋਰਖ ਧੰਦਾ ਸ਼ਰੇਆਮ ਚੱਲ ਰਿਹਾ ਹੈ ਪ੍ਰੰਤੂ ਐਨੀ ਵੱਡੀ ਮਾਤਰਾ ‘ਚ ਹਸਪਤਾਲ ‘ਚੋਂ ਜੀਭ ਥੱਲੇ ਰੱਖਣ ਵਾਲੀਆਂ ਇਹ ਗੋਲੀਆਂ ਚੋਰੀ ਹੋ ਜਾਣ ਦੀ ਘਟਨਾ ਨੇ ਸਬੰਧਤ ਹਸਪਤਾਲ ਦੇ ਡਾਕਟਰਾਂ ਦੀ ਕਾਰਜਗਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ । ਥਾਣਾ ਭਦੌੜ ਦੇ ਐਸਐਚਓ ਜਗਦੇਵ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਿਸ ਦੇ ਅਧਾਰ ‘ਤੇ ਦੋਸ਼ੀਆਂ ਦੀ ਪਹਿਚਾਣ ਕਰਕੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ । ਦੂਜੇ ਪਾਸੇ ਇਹ ਹੈਰਾਨੀਜਨਕ ਤੱਥ ਵੀ ਸਾਹਮਣੇ ਆ ਰਹੇ ਹਨ ਕਿ ਸਿਵਲ ਹਸਪਤਾਲ ਭਦੌੜ ਦੇ ਡਾਕਟਰਾਂ ਨੇ ਇਸ ਚੋਰੀ ਦੀ ਘਟਨਾ ਦੀ ਪੁਲਿਸ ਨੂੰ ਸੂਚਨਾ ਤਾਂ ਦੇ ਦਿੱਤੀ ਪ੍ਰੰਤੂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ, ਜਿਸ ਤੋਂ ਬਰਨਾਲਾ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਖ਼ਫ਼ਾ ਵੀ ਦੱਸੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਸਬੰਧਿਤ ਹਸਪਤਾਲ ਦੇ ਡਾਕਟਰਾਂ ਨੂੰ ਉਕਤ ਹੈਰਾਨੀਜਨਕ ਚੋਰੀ ਦੇ ਮਾਮਲੇ ‘ਚ ਅਤੇ ਸਮੇਂ ਸਿਰ ਉੱਚ ਅਧਿਕਾਰੀਆਂ ਨੂੰ ਸੂਚਿਤ ਨਾ ਕਰਨ ਦੇ ਮਾਮਲੇ ‘ਚ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ।

error: Content is protected !!