Gee 98News

ਬਰਨਾਲਾ,14 ਅਕਤੂਬਰ (ਨਿਰਮਲ ਸਿੰਘ ਪੰਡੋਰੀ)-“ਲੱਖੀ ਕਾਲੋਨੀ ਵਿੱਚ ਹੀ ਮੇਰਾ ਦਫ਼ਤਰ ਹੈ, ਮੈਂ ਜਦੋਂ ਵੀ ਦਫ਼ਤਰ ਆਉਂਦਾ ਸੀ ਤਾਂ ਲੱਖੀ ਕਲੋਨੀ ਵਾਲੇ ਅੰਕਲ ਮੈਨੂੰ ਕਹਿੰਦੇ ਸੀ…ਮੀਤ ! ਸਾਡਾ ਆਹ ਕੰਮ ਕਰਦੇ…ਤੇ ਅੱਜ ਇਹ ਕੰਮ ਕਰਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ”। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਲੱਖੀ ਕਾਲੋਨੀ ਵਿੱਚ ਦੀ ਲੰਘ ਰਹੇ ਸਬ ਮਾਈਨਰ ਨੰਬਰ 7 (ਕੱਸੀ) ਨੂੰ ਅੰਡਰਗਰਾਊਂਂਡ ਪਾਈਪਾਂ ਪਾ ਕੇ ਬੰਦ ਕਰਨ ਦੇ ਕੰਮ ਦਾ ਉਦਘਾਟਨ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ। ਜ਼ਿਕਰਯੋਗ ਹੈ ਕਿ ਇਹ ਕੱਸੀ ਭਾਵੇਂ ਅੱਗੇ ਫਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦਾ ਚੰਗਾ ਸਾਧਨ ਬਣੀ ਹੋਈ ਹੈ ਪ੍ਰੰਤੂ ਕਾਲੋਨੀ ਦੇ ਵਿਚਕਾਰ ਦੀ ਲੰਘਦੀ ਹੋਣ ਕਰਕੇ ਇਹ ਕਾਲੋਨੀ ਵਾਸੀਆਂ ਲਈ ਜੀਅ ਦਾ ਜੰਜਾਲ ਬਣੀ ਹੋਈ ਸੀ। ਸਾਲ ਵਿੱਚ ਥੋੜ੍ਹਾ ਸਮਾਂ ਇਹਦੇ ਵਿੱਚ ਸਿੰਚਾਈ ਲਈ ਪਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਬਾਕੀ ਸਾਰਾ ਸਮਾਂ ਇਹ ਗੰਦਗੀ ਕਾਰਨ ਭਰੀ ਰਹਿੰਦੀ ਹੈ, ਇਸ ਨੂੰ ਅੰਡਰਗਰਾਊਂਡ ਕਰਕੇ ਬੰਦ ਕਰਨ ਦੀ ਗੁਹਾਰ ਪਿਛਲੀਆਂ ਸਰਕਾਰਾਂ ਮੌਕੇ ਵੀ ਲੋਕ ਲਗਾਉਂਦੇ ਰਹੇ ਪਰੰਤੂ ਹੁਣ ਜਦ ਕੈਬਨਿਟ ਮੰਤਰੀ ਬਣ ਕੇ ਮੀਤ ਹੇਅਰ ਨੇ ਆਪਣਾ ਦਫ਼ਤਰ ਲੱਖੀ ਕਾਲੋਨੀ ਵਿੱਚ ਖੋਲਿਆ ਤਾਂ ਲੋਕਾਂ ਨੂੰ ਕੁਝ ਆਸ ਬੱਝੀ ਅਤੇ ਜਦ ਵੀ ਕਦੇ ਮੰਤਰੀ ਜੀ ਦਫਤਰ ਆਉਂਦੇ ਤਾਂ ਸਥਾਨਕ ਕਾਲੋਨੀ ਵਾਸੀ ਕੁਝ ਸਿਆਣੇ ਬਜ਼ੁਰਗ, ਜਿਨ੍ਹਾਂ ਨੂੰ ਮੰਤਰੀ “ਅੰਕਲ ਜੀ” ਕਹਿ ਕੇ ਬੁਲਾਉਂਦੇ ਨੇ, ਉਹ ਅਕਸਰ ਇਸ ਸਮੱਸਿਆ ਪ੍ਰਤੀ ਮੰਤਰੀ ਨੂੰ ਯਾਦ ਕਰਵਾਉਂਦੇ ਰਹਿੰਦੇ ਸਨ… ਤੇ ਲੋਕਾਂ ਦਾ ਆਪਣੇ ਮੰਤਰੀ ਦੇ ਖਹਿੜੇ ਪੈਣਾ ਰਾਸ ਆ ਗਿਆ ।‌ ਇਸ ਮੌਕੇ ਮੀਤ ਹੇਅਰ ਨੇ ਦੱਸਿਆ ਕਿ ਅੰਡਰਗਰਾਊਂਡ ਪਾਈਪਾਂ ਪਾ ਕੇ ਕੱਸੀ ਨੂੰ ਬੰਦ ਕਰਨ ਤੋਂ ਬਾਅਦ ਇੱਥੇ ਲੋਕਾਂ ਦੇ ਸੈਰ ਕਰਨ ਦੇ ਲਈ ਵਧੀਆ ਰਸਤਾ ਬਣਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!