Gee 98News

ਬਰਨਾਲਾ,19 ਅਕਤੂਬਰ (ਨਿਰਮਲ ਸਿੰਘ ਪੰਡੋਰੀ)-ਅੰਮ੍ਰਿਤਸਰ ਦੇ ਪਾਪੜਾਂ ਵਾਂਗ ਅੱਜਕੱਲ੍ਹ ਅੰਮ੍ਰਿਤਸਰ ਦੇ ਕੁਲਚੇ ਵੀ ਖ਼ੂਬ ਚਰਚਾ ਵਿੱਚ ਹਨ । ਅੰਮ੍ਰਿਤਸਰ ਦੇ ਕੁਲਚਿਆਂ ਨਾਲ ਸਬੰਧਿਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਤਿੰਨਾਂ ਮੰਤਰੀਆਂ ਵਿੱਚੋਂ ਇੱਕ ਗੁਰਮੀਤ ਸਿੰਘ ਮੀਤ ਹੇਅਰ ਨੇ ਮਜੀਠੀਆ ਨੂੰ ਚੈਲਿੰਜ ਕੀਤਾ ਹੈ ਕਿ ਉਹ ਆਪਣੇ ਦੋਸ਼ਾਂ ਸਬੰਧੀ ਕੋਈ ਸਬੂਤ ਸਾਹਮਣੇ ਲੈ ਕੇ ਆਉਣਗੇ ਤਾਂ ਉਹ (ਮੀਤ) ਸਿਆਸਤ ਛੱਡ ਦੇਣਗੇ । ਇਸ ਮਾਮਲੇ ਨਾਲ ਸੰਬੰਧਿਤ ਦੂਜੇ ਦੋ ਮੰਤਰੀਆਂ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਵੱਲੋਂ ਭਾਵੇਂ ਕੋਈ ਅਜਿਹਾ ਪ੍ਰਤੀਕਰਮ ਅਜੇ ਸਾਹਮਣੇ ਨਹੀਂ ਆਇਆ ਪ੍ਰੰਤੂ ਮੀਤ ਹੇਅਰ ਦੇ ਤਿੱਖੇ ਪ੍ਰਤੀਕਰਮ ਨੇ ਇੱਕ ਵਾਰ ਫੇਰ ਮੀਤ ਹੇਅਰ ਦਾ ਸਾਫ਼ ਸੁਥਰਾ ਅਕਸ ਸਾਹਮਣੇ ਲਿਆਂਦਾ ਹੈ । ਦੂਜੇ ਪਾਸੇ ਕੁਲਚਾ ਲੈਂਡ ਦੇ ਮਾਲਕ ਨੇ ਵੀ ਖੁਲਾਸਾ ਕੀਤਾ ਹੈ ਕਿ ਤਿੰਨੋਂ ਮੰਤਰੀ ਉਸ ਦੀ ਦੁਕਾਨ ਦੀ ਬੇਸਮੈਂਟ ‘ਚ ਬੈਠ ਕੇ ਹੀ ਕੁਲਚਾ ਖਾ ਕੇ ਗਏ ਹਨ ਅਤੇ ਬਿੱਲ ਵੀ ਅਦਾ ਕੀਤਾ ਹੈ। ਮਜੀਠੀਆ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੀਤ ਹੇਅਰ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਇਮਾਨਦਾਰੀ ਨਾਲ ਸਬੰਧਿਤ ਪੋਸਟਾਂ ਦਾ ਹੜ੍ਹ ਲਿਆ ਦਿੱਤਾ, ਜਿਨਾਂ ਵਿੱਚ ਬਰਨਾਲਾ ਦੇ ਬੰਸੀ ਪੂੜੀਆਂ ਵਾਲੇ ਦੀਆਂ ਪੂੜੀਆਂ ਦਾ ਜ਼ਿਕਰ ਵੀ ਕੀਤਾ ਗਿਆ ਜਿੱਥੇ ਵਿਧਾਇਕ ਬਣਨ ਤੋਂ ਬਾਅਦ ਵੀ ਮੀਤ ਹੇਅਰ ਨੇ ਕਈ ਵਾਰ ਪੂੜੀਆਂ ਖਾਧੀਆਂ ਅਤੇ ਪੈਸੇ ਵੀ ਖੁਦ ਅਦਾ ਕੀਤੇ । ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਮਜੀਠੀਆ ਨੂੰ ਦਿੱਤੇ ਚੈਲਿੰਜ ਦਾ ਪੱਖ ਇਸ ਕਰਕੇ ਵੀ ਮਜ਼ਬੂਤ ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਸਰਕਾਰ ਬਨਣ ਤੋਂ ਪੌਣੇ ਦੋ ਸਾਲ ਤੱਕ ਇੱਕ ਮਜ਼ਬੂਤ ਅਤੇ ਸਰਗਰਮ ਮੰਤਰੀ ਹੁੰਦੇ ਹੋਏ ਵੀ ਸਿੱਧੇ ਤੌਰ ‘ਤੇ ਮੀਤ ਹੇਅਰ ਉੱਪਰ ਕੋਈ ਅਜਿਹਾ ਦੋਸ਼ ਸਾਹਮਣੇ ਨਹੀਂ ਆਇਆ, ਜਿਸ ਨੇ ਮੀਤ ਹੇਅਰ ਨੂੰ ਬਤੌਰ ਮੰਤਰੀ ਬੈਕਫੁੱਟ ‘ਤੇ ਲਿਆਂਦਾ ਹੋਵੇ ।‌ ਮੀਤ ਹੇਅਰ ਦੇ ਸਮਰਥਕ ਉਸ ਦੀ ਸਿਆਸੀ ਇਮਾਨਦਾਰੀ ਵਿੱਚ ਨਗਰ ਸੁਧਾਰ ਟਰੱਸਟ, ਜ਼ਿਲ੍ਹਾ ਯੋਜਨਾ ਕਮੇਟੀ ਅਤੇ ਨਗਰ ਕੌਂਸਲ ਬਰਨਾਲਾ ਦੇ ਮੁਖੀਆਂ ਦੀ “ਚੋਣ” ਨੂੰ ਵੀ ਜੋੜ ਰਹੇ ਹਨ ਜਿਨਾਂ ਦੀ “ਵੰਡ” ਮੌਕੇ ਅਤੀਤ ਵਿੱਚ “ਮਨੀਰਾਮ” ਦੀ ਭੂਮਿਕਾ ਨੂੰ ਅਹਿਮ ਰੱਖੇ ਜਾਣ ਦੀ ਚਰਚਾ ਆਮ ਹੀ ਹੁੰਦੀ ਰਹੀ ਹੈ । ਬਹਰਹਾਲ ! ਕੁਲਚਾ ਦੋਸ਼ ਲੱਗਣ ਤੋਂ ਬਾਅਦ ਮੀਤ ਹੇਅਰ ਨੇ ਮਜੀਠੀਏ ਵੱਲੋਂ ਉਠਾਈ ਉਂਗਲੀ ‘ਚ ਚੈਲਿੰਜ ਦੀ ਮੁੰਦਰੀ ਪਾਉਣ ਦੀ ਅਜਿਹੀ ਜੁਰਅਤ ਕੀਤੀ ਹੈ, ਜੋ ਅਜੋਕੇ ਦੌਰ ਦੀ ਰਾਜਨੀਤੀ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ।

Leave a Reply

Your email address will not be published. Required fields are marked *

error: Content is protected !!