Gee 98News

ਕੁੱਤਿਆਂ ਦੇ ਸ਼ੌਕੀਨ ਸਾਵਧਾਨ…ਹਾਈਕੋਰਟ ਦਾ ਆ ਗਿਆ ਸਖ਼ਤ ਫ਼ਰਮਾਨ

ਚੰਡੀਗੜ੍ਹ,14 ਨਵੰਬਰ-ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਇੱਕ ਤਾਜ਼ਾ ਹੁਕਮ ਅਨੁਸਾਰ ਜੇਕਰ ਕਿਸੇ ਵਿਅਕਤੀ ਨੂੰ ਕੋਈ ਕੁੱਤਾ ਕੱਟ ਲੈਂਦਾ ਹੈ ਤਾਂ ਉਸ ਕੁੱਤੇ ਦੇ ਮਾਲਕ ਜਾਂ ਰਾਜ ਸਰਕਾਰ ਨੂੰ ਪੀੜ੍ਹਤ ਵਿਅਕਤੀ ਨੂੰ ਮੁਆਵਜ਼ਾ ਦੇਣਾ ਪਵੇਗਾ। ਹਾਈਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਕੁੱਤਿਆਂ ਦੇ ਸ਼ੌਕੀਨਾਂ ਨੂੰ ਸਾਵਧਾਨੀ ਵਰਤਣੀ ਪਵੇਗੀ ਕਿ ਜੇਕਰ ਉਹਨਾਂ ਦਾ ਪਾਲਤੂ ਕੁੱਤਾ ਕਿਸੇ ਦੇ ਕੋਈ ਦੰਦ ਮਾਰ ਦਿੰਦਾ ਇਹ ਤਾਂ ਇੱਕ ਦੰਦ ਦਾ 10000 ਮੁਆਵਜ਼ਾ ਦੇਣਾ ਪਵੇਗਾ। ਹਾਈਕੋਰਟ ਦੇ ਇਹ ਹੁਕਮ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਲਾਗੂ ਹੋਣਗੇ। ਇਸ ਮਾਮਲੇ ਵਿੱਚ 193 ਪਟੀਸ਼ਨਾਂ ਦਾ ਸਾਂਝੇ ਤੌਰ ‘ਤੇ ਨਿਪਟਾਰਾ ਕਰਦੇ ਹੋਏ ਮਾਨਯੋਗ ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਨੇ ਹੁਕਮ ਦਿੱਤੇ ਹਨ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਕਮੇਟੀਆਂ ਦਾ ਗਠਨ ਕੀਤਾ ਜਾਵੇ। ਕੁੱਤੇ ਦੇ ਕੱਟਣ ਕਾਰਨ ਪੀੜ੍ਹਤ ਵਿਅਕਤੀ ਇਸ ਕਮੇਟੀ ਕੋਲ ਅਰਜ਼ੀ ਦੇਵੇਗਾ ਅਤੇ ਇਹ ਕਮੇਟੀ ਪੜ੍ਹਤਾਲ ਕਰਕੇ ਚਾਰ ਮਹੀਨਿਆਂ ਦੇ ਅੰਦਰ ਅੰਦਰ ਮੁਆਵਜ਼ਾ ਰਾਸ਼ੀ ਜਾਰੀ ਕਰੇਗੀ। ਰਾਜ ਸਰਕਾਰ ਇਹ ਮੁਆਵਜ਼ਾ ਦੇਣ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹੋਵੇਗੀ ਪ੍ਰੰਤੂ ਕਮੇਟੀ ਕਿਸੇ ਹੋਰ ਅਜਿਹੇ ਵਿਅਕਤੀ ਨੂੰ ਮੁਆਵਜ਼ਾ ਦੇਣ ਦੇ ਹੁਕਮ ਵੀ ਦੇ ਸਕਦੀ ਹੈ ਜਿਸ ਅਧੀਨ ਕੁੱਤੇ ਦੀ ਮਾਲਕੀਅਤ ਹੋਵੇਗੀ। ਹਾਈਕੋਰਟ ਦੇ ਹੁਕਮਾਂ ਅਨੁਸਾਰ ਜੇਕਰ ਕੁੱਤਾ ਕਿਸੇ ਵਿਅਕਤੀ ਨੂੰ ਕੱਟ ਲੈਂਦਾ ਹੈ ਤਾਂ ਕੁੱਤੇ ਦੇ ਪ੍ਰਤੀ ਦੰਦ 10 ਹਜ਼ਾਰ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਦੇਣੀ ਹੋਵੇਗੀ, ਜੇਕਰ ਕੁੱਟੇ ਦੇ ਕੱਟਣ ਨਾਲ ਕਿਸੇ ਵਿਅਕਤੀ ਦੇ ਜ਼ਖ਼ਮ ਹੁੰਦਾ ਹੈ ਤਾਂ ਪ੍ਰਤੀ 0.2 ਸੈਂਟੀਮੀਟਰ ਡੂੰਘੇ ਜ਼ਖ਼ਮ ਲਈ ਮੁਆਵਜ਼ਾ ਰਾਸ਼ੀ 20 ਹਜ਼ਾਰ ਰੁਪਏ ਦੇਣੀ ਪਵੇਗੀ । ਹਾਈਕੋਰਟ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਜਾਨਵਰਾਂ (ਅਵਾਰਾ, ਜੰਗਲੀ, ਪਾਲਤੂ) ਦੇ ਕੱਟਣ ਦੇ ਕਾਰਨ ਹੋਣ ਵਾਲੀ ਕਿਸੇ ਘਟਨਾ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਸੰਬੰਧਿਤ ਥਾਣੇ ਦੇ ਐਸਐਚਓ ਨੂੰ ਬਿਨਾਂ ਕਿਸੇ ਦੇਰੀ ਦੇ ਡੀਡੀਆਰ ਦਰਜ ਕਰਨੀ ਹੋਵੇਗੀ। ਪੁਲਿਸ ਅਧਿਕਾਰੀ ਪੀੜ੍ਹਤ ਵੱਲੋਂ ਕੀਤੇ ਦਾਅਵੇ ਦੀ ਪੜਤਾਲ ਕਰੇਗਾ, ਗਵਾਹਾਂ ਦੇ ਬਿਆਨ ਦਰਜ ਕਰੇਗਾ, ਮੌਕੇ ਦੀ ਰਿਪੋਰਟ ਵੀ ਤਿਆਰ ਕਰੇਗਾ ਅਤੇ ਇਸ ਰਿਪੋਰਟ ਦੀ ਕਾਪੀ ਪੀੜ੍ਹਤ ਨੂੰ ਵੀ ਦਿੱਤੀ ਜਾਵੇਗੀ ।

error: Content is protected !!