Gee 98News

ਬਰਨਾਲਾ,19 ਦਸੰਬਰ ( ਨਿਰਮਲ ਸਿੰਘ ਪੰਡੋਰੀ )-ਅਗਲੀਆਂ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਨੇ ਪੰਜਾਬ ‘ਚ ਨਵੇਂ ਸਿਆਸੀ ਸਮੀਕਰਨ ਬਣਾਉਣੇ ਸ਼ੁਰੂ ਕਰ ਦਿੱਤੇ। ਆਪਣੀ ਮਾਂ ਪਾਰਟੀ ਤੋਂ ਰੁੱਸੇ ਆਗੂਆਂ ਤੇ ਵਰਕਰਾਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਤੇ ਅਜਿਹੇ ਆਗੂਆਂ ਵੱਲੋਂ ਘਰ ਵਾਪਸੀ ਵੀ ਕੀਤੀ ਜਾ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜਨੀਤੀ ਦੇ ਅਰਸ਼ ਤੋਂ ਫਰਸ਼ ‘ਤੇ ਡਿੱਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਕੰਧ ‘ਤੇ ਲਿਖੇ ਨੂੰ ਪੜਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਅੰਦਰ ਡਿਕਟੇਟਰਸ਼ਿਪ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਦਲੇ ਸਿਆਸੀ ਸੁਭਾਅ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ। ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਸਰਕਾਰ ਮੌਕੇ ਬੇਅਦਬੀ ਘਟਨਾਵਾਂ ਅਤੇ ਇਨਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣ ਲਈ ਮੰਗੀ ਗਈ ਮਾਫ਼ੀ ਬਾਦਲ ਦੀ ਜ਼ੁਬਾਨ ‘ਚੋਂ ਅਚਾਨਕ ਨਿਕਲੇ ਸ਼ਬਦ ਨਹੀਂ ਹਨ, ਸਗੋਂ ਇਹ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ ਦੇ ਨੇੜਲੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਸਮਝਦੇ ਹੋਏ ਕੀਤੀ ਗਈ ਇੱਕ ਸਿਆਸੀ ਤਬਦੀਲੀ ਹੀ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮਾਫ਼ੀ ਤੋਂ ਬਾਅਦ ਸੁਖਬੀਰ ਦੇ ਬਾਪੂ ਜੀ ਦੇ ਪੱਕੇ ਆੜੀ ਸੁਖਦੇਵ ਸਿੰਘ ਢੀਡਸਾ ਵੱਲੋਂ ਸੁਖਬੀਰ ਬਾਦਲ ਦੀ ਮਾਫ਼ੀ ਸਬੰਧੀ ਕਹੇ ਗਏ ਸਵਾਗਤੀ ਸ਼ਬਦ ਵੀ ਧਿਆਨ ਮੰਗਦੇ ਹਨ। ਸੁਖਦੇਵ ਸਿੰਘ ਢੀਡਸਾ ਨੇ ਸੁਖਬੀਰ ਬਾਦਲ ਵੱਲੋਂ ਪਾਰਟੀ ਛੱਡ ਕੇ ਗਏ ਸੀਨੀਅਰ ਆਗੂਆਂ/ਵਰਕਰਾਂ ਨੂੰ ਘਰ ਵਾਪਸੀ ਦੇ ਸੱਦੇ ਦਾ ਵੀ ਹੁੰਗਾਰਾ ਭਰਿਆ ਹੈ। ਸ. ਢੀਂਡਸਾ ਵੱਲੋਂ 23 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਇੱਕ ਮੀਟਿੰਗ ਬੁਲਾਈ ਹੈ ਜਿਸ ਵਿੱਚ ਸੁਖਬੀਰ ਬਾਦਲ ਦੇ ਸੱਦੇ ਸਬੰਧੀ ਵਿਚਾਰ ਕਰਨ ਦੀ ਗੱਲ ਵੀ ਕਹੀ ਗਈ ਹੈ। ਭਾਵੇਂ ਕਿ ਸੁਖਦੇਵ ਸਿੰਘ ਢੀਂਡਸਾ ਦਾ ਸੁਖਬੀਰ ਬਾਦਲ ਵੱਲ ਵਧਿਆ ਕੋਈ ਕਦਮ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦੇ ਸੰਬੰਧਾਂ ਦੇ ਸੰਦਰਭ ਵਿੱਚ ਹੀ ਹੋਵੇਗਾ ਪ੍ਰੰਤੂ ਜ਼ਿਆਦਾ ਸੰਭਾਵਨਾ ਦੋਵਾਂ ਦੇ ਨੇੜੇ ਆਉਣ ਦੀ ਬਣਦੀ ਜਾ ਰਹੀ ਹੈ। ਸਿਆਸੀ ਮਾਹਿਰਾਂ ਵੱਲੋਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਕੋਈ ਵੀ ਅਗਲਾ ਸਿਆਸੀ ਕਦਮ ਉਹਨਾਂ ਦੇ ਫਰਜ਼ੰਦ ਪਰਮਿੰਦਰ ਸਿੰਘ ਢੀਂਡਸਾ ਦੇ ਸਿਆਸੀ ਭਵਿੱਖ ਨਾਲ ਸੰਬੰਧਿਤ ਹੋਵੇਗਾ। ਧਿਆਨ ਰਹੇ ਕਿ ਸੁਖਦੇਵ ਸਿੰਘ ਢੀਂਡਸਾ ਤੋਂ ਬਿਨਾਂ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਨਿੱਜੀ ਤੌਰ ‘ਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਗਈ ਮਾਫ਼ੀ ਦੀ ਸਰਾਹਣਾ ਕੀਤੀ ਹੈ। ਬਾਦਲ ਪਰਿਵਾਰ ਦਾ ਸਾਥ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਨਾਲ ਖੜਨ ਵਾਲੇ ਛੋਟੇ ਵੱਡੇ ਆਗੂਆਂ ਵੱਲੋਂ ਵੀ ਸੁਖਬੀਰ ਬਾਦਲ ਦੀ ਮਾਫ਼ੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਇਹ ਅੰਦਰੂਨੀ ਹਾਲਾਤ ਢੀਂਡਸਾ ਪਰਿਵਾਰ ਦੀ ਭਵਿੱਖੀ ਰਣਨੀਤੀ ਅਤੇ ਰਾਜਨੀਤੀ ਦਾ ਸੰਕੇਤ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬਰਨਾਲਾ ਹਲਕੇ ਦੇ ਇੰਚਾਰਜ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਕੌਮ ਦੇ ਵੱਡੇ ਆਗੂ ਹਨ ਤੇ ਸਿੱਖ ਕੌਮ ਦੇ ਵਡੇਰੇ ਹਿੱਤਾਂ ਤੇ ਮੱਦੇਨਜ਼ਰ ਹੀ ਉਹਨਾਂ ਦਾ ਅਗਲਾ ਸਿਆਸੀ ਕਦਮ ਹੋਵੇਗਾ। ਦੂਜੇ ਪਾਸੇ ਸੂਬੇ ‘ਚ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਲੋਕ ਸਭਾ ਦੀਆਂ ਚੋਣਾਂ ਪਹਿਲੀਆਂ ਆਮ ਚੋਣਾਂ ਹੋਣਗੀਆਂ, ਇਹ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਨੂੰ ਵੀ ਬਾਖ਼ੂਬੀ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਭਗਵੰਤ ਮਾਨ ਲਈ ਵਕਾਰ ਦਾ ਸਵਾਲ ਹੋਣਗੀਆਂ ਇਹ ਵੀ ਪੰਜਾਬ ਦੀ ਸਿਆਸੀ ਕੰਧ ਤੇ ਲਿਖਿਆ ਹੋਇਆ ਹੈ ਕਿ ਲੋਕ ਸਭਾ ਦੀਆਂ ਇਹ ਚੋਣਾਂ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਭਵਿੱਖ ਲਈ ਵੀ ਅਹਿਮ ਹੋਣਗੀਆ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਰਾਜਨੀਤੀ ਕੋਈ ਕਰਵਟ ਲੈ ਸਕਦੀ ਹੈ । ਬਹਰਹਾਲ ! ਆਉਣ ਵਾਲੇ ਕੁਝ ਦਿਨਾਂ ‘ਚ ਇਸ ਸਪੱਸ਼ਟ ਹੋ ਜਾਵੇਗਾ ਕਿ “ਬਾਪੂ ਦੇ ਪੱਕੇ ਆੜੀ ਨੂੰ ਬੇਟੇ ਦੀ ਮਾਰੀ ਹਾਕ” ਕਿੰਨਾ ਕੁ ਅਸਰ ਕਰਦੀ ਹੈ।

Leave a Reply

Your email address will not be published. Required fields are marked *

error: Content is protected !!