Skip to main content

Gee 98News

SSP ਦੇ ਦੁਆਰ ਤੱਕ ਪੁੱਜ ਗਈ ਕਬੱਡੀ ਖਿਡਾਰੀਆਂ ਲਈ ਇਨਸਾਫ਼ ਦੀ ਮੁਹਿੰਮ…ਲੋਕਾਂ ਨੇ ਦੋ ਦਿਨ ਦਾ ਦਿੱਤਾ ਸਮਾਂ

ਬਰਨਾਲਾ ਪੁਲਿਸ ਲੋਕਾਂ ਦੀ ਮੰਗ ‘ਤੇ ਵਿਚਾਰ ਕਰੇਗੀ- SP ਚੌਧਰੀ
ਬਰਨਾਲਾ, 21 ਦਸੰਬਰ ( ਨਿਰਮਲ ਸਿੰਘ ਪੰਡੋਰੀ)-ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੀ ਮੌਤ ਦੇ ਮਾਮਲੇ ‘ਚ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ‘ਤੇ ਦਰਜ ਕੀਤੇ ਕਤਲ ਦੇ ਮੁਕੱਦਮੇ ਪ੍ਰਤੀ ਲੋਕਾਂ ਦਾ ਰੋਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪੁੱਜ ਗਿਆ ਹੈ। ਵੀਰਵਾਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕੱਠੇ ਹੋ ਕੇ ਕਬੱਡੀ ਖਿਡਾਰੀਆਂ ‘ਤੇ ਦਰਜ ਕਤਲ ਦੀ ਧਾਰਾ ਲਗਾਏ ਜਾਣ ਦੀ ਕਾਰਵਾਈ ਨੂੰ ਬਰਨਾਲਾ ਪੁਲਿਸ ਦੀ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਤੋਂ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ,ਸਾਬਕਾ ਐਮਐਲਏ ਤਰਸੇਮ ਜੋਧਾਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦਾ ਸਾਰਿਆਂ ਨੂੰ ਦੁੱਖ ਹੈ ਪਰੰਤੂ ਇਹ ਅਚਾਨਕ ਵਾਪਰੀ ਘਟਨਾ ਸੀ ਅਤੇ ਇਸ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਕਬੱਡੀ ਖਿਡਾਰੀਆਂ ਨੇ ਇਸ ਸਬੰਧੀ ਕੋਈ ਸਾਜਿਸ਼ ਨਹੀਂ ਘੜੀ ਸੀ। ਸਾਬਕਾ ਡੀਐਸਪੀ ਸੇਖੋਂ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਨੂੰ ਸਾਹਮਣੇ ਰੱਖਿਆ ਜਦ ਕਿ ਘਟਨਾ ਨਾਲ ਜੁੜੇ ਬਾਕੀ ਸਾਰੇ ਤੱਥਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਬੁਲਾਰਿਆਂ ਅਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਹਰ ਹਾਲਤ ਵਿੱਚ ਇਨਸਾਫ਼ ਲੈ ਕੇ ਰਹਿਣਗੇ ਇਸ ਲਈ ਭਾਵੇਂ ਜਿੰਨਾ ਵੱਡਾ ਮਰਜ਼ੀ ਸੰਘਰਸ਼ ਕਰਨਾ ਪੈ ਜਾਵੇ।‌‌ ਬੁਲਾਰਿਆਂ ਨੇ ਕਿਹਾ ਕਿ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪੁੱਜੇ ਇੱਕ ਪੁਲਿਸ ਮੁਲਾਜ਼ਮ ਦੀ ਘਟਨਾ ਸਥਾਨ ‘ਤੇ ਮੌਤ ਹੋ ਜਾਣ ਸਬੰਧੀ ਕਬੱਡੀ ਖਿਡਾਰੀਆਂ ਦੇ ਨਾਲ ਢਾਬੇ ਦੇ ਮਾਲਕ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਪ੍ਰੰਤੂ ਪੁਲਿਸ ਨੇ ਇਸ ਮਾਮਲੇ ‘ਚ ਇਕੱਲੇ ਕਬੱਡੀ ਖਿਡਾਰਿਆਂ ਨੂੰ ਹੀ ਲਪੇਟ ਲਿਆ ਅਤੇ ਉਹਨਾਂ ‘ਤੇ ਵੀ ਅਜਿਹੀ ਧਾਰਾ ਲਗਾ ਦਿੱਤੀ ਜੋ ਤੱਥਾਂ ਅਨੁਸਾਰ ਬਣਦੀ ਹੀ ਨਹੀਂ। ਕਬੱਡੀ ਖਿਡਾਰੀਆਂ ਲਈ ਇਨਸਾਫ਼ ਦੀ ਮੰਗ ਕਰ ਰਹੇ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਨੂੰ ਬਰਨਾਲਾ ਦੇ ਐਸਪੀ ਸ੍ਰੀ ਰਵਨੀਤ ਚੌਧਰੀ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪੁਲਿਸ ਇਸ ਮਾਮਲੇ ‘ਚ ਲੋਕਾਂ ਦੀ ਮੰਗ ‘ਤੇ ਵਿਚਾਰ ਕਰੇਗੀ। ਬਰਨਾਲਾ ਦੇ ਐਸਪੀ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਦੋ ਦਿਨ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਸਨਿੱਚਰਵਾਰ ਦੁਬਾਰਾ ਫਿਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਸ ਤੋਂ ਵੀ ਵੱਡਾ ਇਕੱਠ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਕਬੱਡੀ ਖਿਡਾਰੀਆਂ ਦੇ ਖ਼ਿਲਾਫ਼ ਕਤਲ ਦੀ ਧਾਰਾ ਲਗਾਏ ਜਾਣ ‘ਤੇ ਰੋਸ ਪ੍ਰਗਟ ਕਰ ਰਹੇ ਕਬੱਡੀ ਖਿਡਾਰੀਆਂ ਦੇ ਪਿੰਡਾਂ ਚੀਮਾ, ਅਮਲਾਸਿੰਘਵਾਲਾ, ਠੀਕਰੀਵਾਲ ਅਤੇ ਰਾਏਸਰ ਦੇ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਉਹਨਾਂ ਦੀ ਹਮਦਰਦੀ ਹੈ ਅਤੇ ਲੋੜ ਪੈਣ ‘ਤੇ ਉਹ ਦਰਸ਼ਨ ਸਿੰਘ ਦੇ ਪਰਿਵਾਰ ਅਤੇ ਬੱਚਿਆਂ ਨਾਲ ਹਮੇਸ਼ਾ ਅੱਗੇ ਹੋ ਕੇ ਖੜਨਗੇ ਪ੍ਰੰਤੂ ਦੂਜੇ ਪਾਸੇ ਚਾਰ ਕਬੱਡੀ ਖਿਡਾਰੀਆਂ ਦੇ ਬੱਚਿਆਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ।

error: Content is protected !!