Gee 98News

  • ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੀ ਗਈ ਵੱਡੀ ਕਾਰਵਾਈ
    ਚੰਡੀਗੜ੍ਹ, 24 ਦਸੰਬਰ- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਦੇ ਇੱਕ ਜੱਜ ਨੂੰ ਸਸਪੈਂਡ ਕਰ ਦਿੱਤਾ ਹੈ। ਹਾਈਕੋਰਟ ਦੀ ਫੁੱਲ ਕੋਰਟ ਮੀਟਿੰਗ ਵਿੱਚ ਇੱਕ ਫੈਸਲੇ ਦੌਰਾਨ ਕਪੂਰਥਲਾ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਾਕੇਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਰਾਕੇਸ਼ ਕੁਮਾਰ ਉਹੀ ਜੱਜ ਹੈ ਜਿਸ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੂੰ ਐਨਡੀਪੀਐਸ ਐਕਟ ਅਧੀਨ ਸੰਮਨ ਜਾਰੀ ਕੀਤੇ ਸਨ। ਭਾਵੇਂ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜੱਜ ਰਾਕੇਸ਼ ਕੁਮਾਰ ਨੂੰ ਕਿੰਨਾ ਕਾਰਨਾਂ ਕਰਕੇ ਸਸਪੈਂਡ ਕੀਤਾ ਗਿਆ ਹੈ ਪ੍ਰੰਤੂ ਜੱਜ ਰਾਕੇਸ਼ ਕੁਮਾਰ ਵੱਲੋਂ ਬੀਬੀ ਮਜੀਠੀਆ ਨੂੰ ਸੰਮਨ ਜਾਰੀ ਕਰਨ ਦੀ ਕਾਰਵਾਈ ਕਾਨੂੰਨੀ ਮਾਹਿਰਾਂ ਦੇ ਏਜੰਡੇ ‘ਤੇ ਰਹੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਜੱਜ ਰਾਕੇਸ਼ ਕੁਮਾਰ ਨੇ ਗਨੀਵ ਕੌਰ ਮਜੀਠੀਆ ਨੂੰ ਇੱਕ ਪ੍ਰਾਈਵੇਟ ਵਿਅਕਤੀ ਦੀ ਸ਼ਿਕਾਇਤ ‘ਤੇ ਐਨਡੀਪੀਐਸ ਐਕਟ ਤਹਿਤ ਸੰਮਨ ਜਾਰੀ ਕੀਤੇ ਸਨ ਜਦਕਿ ਕਾਨੂੰਨੀ ਮਾਹਿਰਾਂ ਅਨੁਸਾਰ ਕਿਸੇ ਪ੍ਰਾਈਵੇਟ ਵਿਅਕਤੀ ਦੀ ਸ਼ਿਕਾਇਤ ‘ਤੇ ਸ਼ਾਇਦ ਇਸ ਐਕਟ ਤਹਿਤ ਸੰਮਨ ਜਾਰੀ ਨਹੀਂ ਕੀਤੇ ਜਾ ਸਕਦੇ ਬਲਕਿ ਅਜਿਹੇ ਸੰਮਨ ਪੁਲਿਸ ਜਾਂ ਕਿਸੇ ਹੋਰ ਅਧਿਕਾਰਿਤ ਏਜੰਸੀ ਦੀ ਮੰਗ ਕਰਨ ‘ਤੇ ਹੀ ਜਾਰੀ ਕੀਤੇ ਜਾ ਸਕਦੇ ਹਨ। ਜੱਜ ਰਾਕੇਸ਼ ਕੁਮਾਰ ਨੂੰ ਕਪੂਰਥਲਾ ਤੋਂ ਸਸਪੈਂਡ ਕਰਕੇ ਮਾਨਸਾ ਵਿਖੇ ਤਬਦੀਲ ਕੀਤਾ ਗਿਆ ਹੈ ਭਾਵ ਉਹਨਾਂ ਦਾ ਹੈੱਡਕੁਆਰਟਰ ਮਾਨਸਾ ਹੋਵੇਗਾ ਅਤੇ ਹਾਈਕੋਰਟ ਨੇ ਉਨਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਮਾਨਸਾ ਦੇ ਜ਼ਿਲ੍ਹਾ ਸੈਸ਼ਨ ਜੱਜ ਦੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈੱਡਕੁਆਰਟਰ ਛੱਡ ਕੇ ਨਹੀਂ ਜਾ ਸਕਦੇ। ਹਾਈਕੋਰਟ ਦੀ ਫੁੱਲ ਕੋਰਟ ਮੀਟਿੰਗ ਤੋਂ ਭਾਵ ਹੈ ਕਿ ਹਾਈਕੋਰਟ ਦੇ ਸਾਰੇ ਜੱਜ ਚੀਫ਼ ਜਸਟਿਸ ਦੀ ਅਗਵਾਈ ਹੇਠ ਇਕੱਠੇ ਮੀਟਿੰਗ ਕਰਕੇ ਕਿਸੇ ਜੱਜ ਦੇ ਖ਼ਿਲਾਫ਼ ਕੋਈ ਫੈਸਲਾ ਲੈਂਦੇ ਹਨ। ਜੱਜ ਰਾਕੇਸ਼ ਕੁਮਾਰ ਨੂੰ ਸਸਪੈਂਡ ਕਰਨ ਦਾ ਫੈਸਲਾ ਹਾਈਕੋਰਟ ਦੇ ਐਕਟਿੰਗ ਚੀਫ਼ ਜਸਟਿਸ ਰਿਤੂ ਬਾਹਰੀ ਦੀ ਅਗਵਾਈ ਹੇਠ ਫੁੱਲਕੋਰਟ ਮੀਟਿੰਗ ਵਿੱਚ ਲਿਆ ਗਿਆ। ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਮਾਮਲੇ ‘ਤੇ ਹਾਈਕੋਰਟ ਦੀ ਫੁੱਲਕੋਰਟ ਮੀਟਿੰਗ ਵਿੱਚ ਫੈਸਲਾ ਲਿਆ ਜਾਵੇ ਤਾਂ ਉਹ ਮਾਮਲਾ ਅਤਿ ਗੰਭੀਰ ਹੁੰਦਾ ਹੈ। ਹਾਈਕੋਰਟ ਦੀ ਫੁੱਲਕੋਰਟ ਮੀਟਿੰਗ ਵਿੱਚ ਹੋਏ ਫੈਸਲਿਆਂ ਨੂੰ ਆਮ ਤੌਰ ‘ਤੇ ਗੁਪਤ ਰੱਖਿਆ ਜਾਂਦਾ ਹੈ, ਕਿਸੇ ਜੱਜ ਦੇ ਖ਼ਿਲਾਫ਼ ਜਦੋਂ ਹਾਈਕੋਰਟ ਦੀ ਫੁੱਲਕੋਰਟ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਅਜਿਹੇ ਫੈਸਲੇ ਸਿਰਫ਼ ਸੰਬੰਧਿਤ ਜੱਜ ਨੂੰ ਹੀ ਦੱਸੇ ਜਾਂਦੇ ਹਨ ਜਾਂ ਫਿਰ ਅਜਿਹੇ ਫੈਸਲਿਆਂ ਦੀ ਜਾਣਕਾਰੀ ਫੁੱਲਕੋਰਟ ਮੀਟਿੰਗ ਦਾ ਹਿੱਸਾ ਬਣੇ ਜੱਜਾਂ ਨੂੰ ਹੁੰਦੀ ਹੈ।

Leave a Reply

Your email address will not be published. Required fields are marked *

error: Content is protected !!