Gee 98News

ਬਰਨਾਲਾ, 30 ਦਸੰਬਰ (ਨਿਰਮਲ ਸਿੰਘ ਪੰਡੋਰੀ)-ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਜਪਾ ਨੇ ਆਪਣੇ ਨਵੇਂ ਜ਼ਿਲ੍ਹਾ ਕਮਾਂਡਰਾਂ ਦੀ ਨਿਯੁਕਤੀ ਕੀਤੀ ਹੈ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਵਿੱਚ ਕੁਝ ਕੁ ਪੁਰਾਣੇ ਚਿਹਰਿਆਂ ‘ਤੇ ਦੁਬਾਰਾ ਵਿਸ਼ਵਾਸ ਪ੍ਰਗਟ ਕੀਤਾ ਹੈ। ਬਰਨਾਲਾ ਜ਼ਿਲ੍ਹੇ ਲਈ ਭਾਜਪਾ ਨੇ ਯਾਦਵਿੰਦਰ ਸ਼ੰਟੀ ਨੂੰ ਜ਼ਿਲ੍ਹੇ ਦੀ ਕਮਾਨ ਸੌਂਪੀ ਹੈ। ਯਾਦਵਿੰਦਰ ਸ਼ੰਟੀ ਇਸ ਤੋਂ ਪਹਿਲਾਂ ਵੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨਗੀ ਲਈ ਯਾਦਵਿੰਦਰ ਸ਼ੰਟੀ ਨੂੰ ਦੁਬਾਰਾ ਜ਼ਿੰਮੇਵਾਰੀ ਦੇਣ ਦੇ ਫੈਸਲੇ ਨੂੰ ਯਾਦਵਿੰਦਰ ਦੀ ਪਾਰਟੀ ਪ੍ਰਤੀ ਵਫਾਦਾਰੀ ਦੇ ਨਜ਼ਰੀਏ ਤੋਂ ਵੇਖਿਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੁਰੂ ਕੀਤੇ ਅੰਦੋਲਨ ਦੌਰਾਨ ਬਤੌਰ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਅੱਗੇ ਵੀ ਕਿਸਾਨ ਜਥੇਬੰਦੀਆਂ ਨੇ ਕਈ ਮਹੀਨੇ ਤੱਕ ਧਰਨਾ ਲਗਾ ਕੇ ਰੱਖਿਆ। ਇਹ ਉਹ ਮੌਕਾ ਸੀ ਜਦ ਧਰਨੇ ਦੇ ਸੰਤਾਪ ਤੋਂ ਅੱਗੇ ਸ਼ੰਟੀ ਦੇ ਸਰਕਲ ਵਿੱਚ ਰਹਿਣ ਵਾਲੇ ਲੋਕਾਂ ਨੇ ਭਾਜਪਾ ਛੱਡਣ ਦੀ ਸਲਾਹ ਦਿੱਤੀ ਪ੍ਰੰਤੂ ਯਾਦਵਿੰਦਰ ਸ਼ੰਟੀ ਨੇ ਮੁਸੀਬਤਾਂ ਦਾ ਸਾਹਮਣਾ ਕਰਨ ਨੂੰ ਪਹਿਲ ਦਿੱਤੀ ਅਤੇ ਪਾਰਟੀ ਨਾਲ ਡੱਟ ਕੇ ਖੜ੍ਹੇ ਰਹੇ। ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਲਈ ਅਜਿਹਾ ਸਮਾਂ ਵੀ ਆਇਆ ਜਦ ਇਹ ਸੋਚਿਆ ਜਾਣ ਲੱਗਿਆ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਰਾਜਨੀਤਿਕ ਮੁਹਾਜ਼ ‘ਤੇ ਕਦੇ ਵੀ ਆਪਣੇ ਆਪ ਨੂੰ ਭਵਿੱਖ ‘ਚ ਖੜਾ ਨਹੀਂ ਕਰ ਸਕੇਗੀ। ਅਜਿਹੇ ਦੌਰ ਵਿੱਚ ਹੀ ਨਗਰ ਕੌਂਸਲ ਬਰਨਾਲਾ ਦੀਆਂ ਚੋਣਾਂ ਆਈਆਂ, ਇਹ ਸਮਾਂ ਬਤੌਰ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਤੀ ਲਈ ਪਰਖ ਦਾ ਸਮਾਂ ਸੀ। ਇਹ ਉਹ ਸਮਾਂ ਸੀ ਜਦ ਭਾਜਪਾ ਦੀ ਟਿਕਟ ‘ਤੇ ਚੋਣ ਲੜਨਾ ਤਾਂ ਦੂਰ ਦੀ ਗੱਲ ਲੋਕ ਆਪਣੇ ਆਪ ਨੂੰ ਭਾਜਪਾ ਦਾ ਵਰਕਰ ਵੀ ਜ਼ਾਹਰ ਨਹੀਂ ਕਰਦੇ ਸਨ। ਨਗਰ ਕੌਂਸਲ ਬਰਨਾਲਾ ਦੀਆਂ ਚੋਣਾਂ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਰੋਸ ਦੇ ਮੱਦੇਨਜ਼ਰ ਬਰਨਾਲਾ ਦੇ ਚੋਟੀ ਦੇ ਆਗੂਆਂ ਨੇ ਭਾਜਪਾ ਤੋਂ ਬਗਾਵਤ ਕਰਕੇ ਆਜ਼ਾਦਾਨਾਂ ਤੌਰ ‘ਤੇ ਕੌਂਸਲ ਦੀਆਂ ਚੋਣਾਂ ਲੜੀਆਂ ਪ੍ਰੰਤੂ ਯਾਦਵਿੰਦਰ ਸ਼ੰਟੀ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦੇ ਹੋਏ ਅਤੇ ਵਫਾਦਾਰੀ ਦੇ ਕਸਵੱਟੀ ‘ਤੇ ਖਰਾ ਉਤਰਦੇ ਹੋਏ ਆਪਣੇ ਵਾਰਡ ਵਿੱਚੋਂ ਪਾਰਟੀ ਟਿਕਟ ‘ਤੇ ਚੋਣ ਲੜੀ। ‌ ਬਰਨਾਲਾ ਜ਼ਿਲ੍ਹੇ ਦੀ ਅੰਦਰੂਨੀ ਰਾਜਨੀਤੀ ਦੀ ਸੂਝ ਰੱਖਣ ਵਾਲੇ ਲੋਕ ਇਹ ਬਾਖ਼ੂਬੀ ਜਾਣਦੇ ਹਨ ਜੇਕਰ ਸ਼ੰਟੀ ਵੀ ਐਮਸੀ ਦੀ ਚੋਣ ਆਜ਼ਾਦ ਤੌਰ ‘ਤੇ ਲੜਦਾ ਤਾਂ ਜਿੱਤ ਲੱਗਭੱਗ ਯਕੀਨੀ ਸੀ ਪ੍ਰੰਤੂ ਯਾਦਵਿੰਦਰ ਸ਼ੰਟੀ ਨੇ ਬਤੌਰ ਜ਼ਿਲ੍ਹਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੀ ਜਿੱਤ ਨਾਲੋਂ ਪਾਰਟੀ ਦੇ ਨਿਸ਼ਾਨ ਅਤੇ ਝੰਡੇ ਨੂੰ ਮੁੱਖ ਰੱਖਿਆ। ਹੁਣ ਸੂਬਾ ਪ੍ਰਧਾਨ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਜਾਰੀ ਸੂਚੀ ਵਿੱਚ ਯਾਦਵਿੰਦਰ ਸ਼ੰਟੀ ਦਾ ਨਾਮ ਦਰਜ ਹੋਣ ਨੂੰ ਉਸ ਦੀ ਪਾਰਟੀ ਪ੍ਰਤੀ ਵਫਾਦਾਰੀ ਦੇ ਨਜ਼ਰੀਏ ਤੋਂ ਹੀ ਵੇਖਿਆ ਜਾ ਰਿਹਾ ਹੈ। ‌ ਬਤੌਰ ਜ਼ਿਲ੍ਹਾ ਪ੍ਰਧਾਨ ਪਾਰਟੀ ਵੱਲੋਂ ਦੁਬਾਰਾ ਭਰੋਸਾ ਜਿਤਾਏ ਜਾਣ ‘ਤੇ ਜਦ ਸ਼ੰਟੀ ਦਾ ਪੱਖ ਜਾਣਿਆ ਤਾਂ ਉਹਨਾਂ ਕਿਹਾ ਕਿ ਕੁਝ ਸਮੇਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ਸਮੇਂ ਪਾਰਟੀ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਦੇ ਮਾਇਨੇ ਮੇਰੇ ਲਈ ਹੋਰ ਵੀ ਜ਼ਿਆਦਾ ਅਹਿਮ ਹਨ। ਉਹਨਾਂ ਕਿਹਾ ਕਿ ਪਾਰਟੀ ਨੂੰ ਪਿੰਡ ਪੱਧਰ ਅਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾਵੇਗਾ। ਆਪਣੀ ਨਿਯੁਕਤੀ ਤੇ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋ ਦਾ ਧੰਨਵਾਦ ਕਰਦੇ ਹੋਏ ਸ਼ੰਟੀ ਨੇ ਕਿਹਾ ਕਿ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਪਾਰਟੀ ਹਾਈ ਕਮਾਂਡ ਦੇ ਵਿਸ਼ਵਾਸ ‘ਤੇ ਖ਼ਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

Leave a Reply

Your email address will not be published. Required fields are marked *

error: Content is protected !!