ਬਰਨਾਲਾ,1 ਜਨਵਰੀ ( ਨਿਰਮਲ ਸਿੰਘ ਪੰਡੋਰੀ )- ਨਵੇਂ ਸਾਲ 2024 ਦੀ ਪਹਿਲੀ ਸਵੇਰ ਹੀ ਪੰਜਾਬ ਦੇ 18000 ਤੋਂ ਵੱਧ ਡਿਪੂ ਹੋਲਡਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸਰਕਾਰ ਦੇ ਖ਼ਿਲਾਫ਼ ਸੰਘਰਸ਼ੀ ਝੰਡੇ ਗੱਡ ਦਿੱਤੇ ਹਨ। ਆਲਇੰਡੀਆ ਫੇਅਰ ਪ੍ਰਾਈਸ ਸ਼ਾਪ ਫੈਡਰੇਸ਼ਨ ਦੇ ਸੱਦੇ ‘ਤੇ ਪੰਜਾਬ ਦੇ ਰਾਸ਼ਨ ਡਿਪੂ ਹੋਲਡਰ 1 ਜਨਵਰੀ ਤੋਂ ਅਣਮਿਥੇ ਸਮੇਂ ਦੀ ਹੜ੍ਹਤਾਲ ‘ਤੇ ਚਲੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਆਫ਼ ਪੰਜਾਬ ਦੇ ਸੂਬਾ ਜੁਆਇੰਟ ਸੈਕਟਰੀ ਬਿੰਦਰ ਸਿੰਘ ਉਗੋਕੇ ਨੇ ਦੱਸਿਆ ਕਿ ਡਿਪੂ ਹੋਲਡਰਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਕਮਿਸ਼ਨ ਵਿੱਚ ਵਾਧਾ ਕਰਵਾਉਣ ਲਈ ਅਤੇ ਬਕਾਇਆ ਕਮਿਸ਼ਨ ਲੈਣ ਲਈ, ਪ੍ਰਤੀ ਮਹੀਨਾ ਤਨਖਾਹ ਦਾ ਨਿਯਮ ਲਾਗੂ ਕਰਵਾਉਣ ਲਈ, ਸਾਰੇ ਦੇਸ਼ ਵਿੱਚ ਡਿਪੂ ਹੋਲਡਰਾਂ ਲਈ ਇੱਕੋ ਜਿਹੇ ਨਿਯਮ ਲਾਗੂ ਕਰਵਾਉਣ ਸਮੇਤ ਅਨੇਕਾਂ ਹੋਰ ਡਿਪੂ ਹੋਲਡਰਾਂ ਦੀਆਂ ਅਜਿਹੀਆਂ ਮੰਗਾਂ ਹਨ ਜਿਨਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਕੇਂਦਰ ਅਤੇ ਪੰਜਾਬ ਸਰਕਾਰ ਡਿਪੂ ਹੋਲਡਰਾਂ ਦੀਆਂ ਇਹਨਾਂ ਮੰਗਾਂ ਸਬੰਧੀ ਜਾਣਬੁੱਝ ਕੇ ਘੇਸਲ ਵੱਟੀ ਬੈਠੀਆਂ ਹਨ। ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਡਿਪੂ ਹੋਲਡਰਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਤਾਂ ਇੱਕ ਪਾਸੇ ਪਰੰਤੂ ਸਰਕਾਰਾਂ ਘਰ ਘਰ ਆਟਾ ਵੰਡਣ ਦੀਆਂ ਯੋਜਨਾਵਾਂ ਲਾਗੂ ਕਰਕੇ ਡਿਪੂ ਹੋਲਡਰਾਂ ਦਾ ਰੁਜ਼ਗਾਰ ਖਤਮ ਕਰਨ ‘ਤੇ ਤੁਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਡਿਪੂ ਹੋਲਡਰਾਂ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਡਿਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਤਹਿਤ 1 ਜਨਵਰੀ ਤੋਂ ਸਾਰੇ ਦੇਸ਼ ਵਿੱਚ ਪੰਜ ਲੱਖ ਤੋਂ ਵਧੇਰੇ ਡਿਪੂ ਹੋਲਡਰ ਅਣਮਿਥੇ ਸਮੇਂ ਦੀ ਹੜਤਾਲ ‘ਤੇ ਜਾ ਰਹੇ ਹਨ ਜਿਨਾਂ ਵਿੱਚ ਪੰਜਾਬ ਦੇ ਵੀ 18000 ਤੋਂ ਵੱਧ ਡਿਪੂ ਹੋਲਡਰ ਸ਼ਾਮਿਲ ਹਨ। ਸਰਦਾਰ ਉਗੋਕੇ ਨੇ ਚੇਤਾਵਨੀ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰਾਂ ਨੇ ਅਜੇ ਵੀ ਡਿਪੂ ਹੋਲਡਰਾਂ ਦੇ ਪ੍ਰਤੀ ਆਪਣੀਆਂ ਨੀਤੀਆਂ ਨਾ ਬਦਲੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੇ ਸੰਘਰਸ਼ ਦਾ ਸਾਹਮਣਾ ਸਰਕਾਰਾਂ ਨੂੰ ਕਰਨਾ ਪਵੇਗਾ। ਉਹਨਾਂ ਦੱਸਿਆ ਕਿ 16 ਜਨਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਦੇਸ਼ ਭਰ ਦੇ ਡਿਪੂ ਹੋਲਡਰਾਂ ਵੱਲੋਂ ਇਕੱਠੇ ਹੋ ਕੇ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ।
ਫੋਟੋ ਕੈਪਸ਼ਨ-ਬਿੰਦਰ ਸਿੰਘ ਉਗੋਕੇ







