ਬਰਨਾਲਾ,6 ਜਨਵਰੀ-ਟਰੱਕ ਯੂਨੀਅਨ ਧਨੌਲਾ ਜ਼ਿਲ੍ਹਾ ਬਰਨਾਲਾ ਦੇ ਸਾਬਕਾ ਪ੍ਰਧਾਨ ਸੁਰਿੰਦਰਪਾਲ ਬਾਲਾ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਨਿੱਚਰਵਾਰ ਦੇਰ ਸ਼ਾਮ ਸੁਰਿੰਦਰਪਾਲ ਬਾਲਾ ਉੱਪਰ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰਦੇ ਹੋਏ ਉਸਦੀ ਕੁੱਟਮਾਰ ਕੀਤੀ। ਚਰਚਾ ਇਹ ਵੀ ਹੈ ਕਿ ਹਮਲਾਵਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਪਰੰਤੂ ਧਨੌਲਾ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਸੂਤਰਾਂ ਅਨੁਸਾਰ ਹਮਲਾਵਰਾਂ ਵਿੱਚ ਇੱਕ ਨਾਮੀ ਗੈਂਗਸਟਰ ਦਾ ਨਾਮ ਸਾਹਮਣੇ ਆ ਰਿਹਾ ਹੈ ਪ੍ਰੰਤੂ ਪੁਲਿਸ ਪੜ੍ਹਤਾਲ ਦੀ ਗੱਲ ਕਰ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਘਟਨਾ ਵਾਪਰਨ ਦੀ ਤਸਦੀਕ ਤਾਂ ਕਰ ਰਹੀ ਹੈ ਪਰੰਤੂ ਵਧੇਰੇ ਜਾਣਕਾਰੀ ਅਜੇ ਪੜ੍ਹਤਾਲ ਤੋਂ ਬਾਅਦ ਹੀ ਦੇਣ ਦੀ ਗੱਲ ਕਹੀ ਜਾ ਰਹੀ ਹੈ। ਹਮਲੇ ਵਿੱਚ ਜ਼ਖਮੀ ਹੋਏ ਸੁਰਿੰਦਰਪਾਲ ਬਾਲਾ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ DMC ਲੁਧਿਆਣਾ ਵਿਖੇ ਲਿਜਾਇਆ ਗਿਆ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੁਰਿੰਦਰਪਾਲ ਬਾਲਾ ‘ਤੇ ਹਮਲੇ ਦੀ ਨਿਖੇਧੀ ਕਰਦੇ ਹੋਏ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਅਤੇ ਸਖ਼ਤ ਕਾਰਵਾਈ ਲਈ ਢਿੱਲ ਵਰਤੀ ਤਾਂ ਸਖ਼ਤ ਸੰਘਰਸ਼ ਵੀ ਕੀਤਾ ਜਾਵੇਗਾ।






