Gee 98News

ਚੰਡੀਗੜ੍ਹ,15 ਜਨਵਰੀ- ਪੰਜਾਬ ਸਰਕਾਰ ਪਟਵਾਰੀਆਂ ਤੇ ਕਾਨੂੰਗੋਆਂ ਦੀ ਭਰਤੀ ਅਤੇ ਨਿਯੁਕਤੀ ਸਬੰਧੀ ਨਵੇਂ ਨਿਯਮ ਤਿਆਰ ਕਰ ਰਹੀ ਹੈ। ਇਹਨਾਂ ਨਿਯਮਾਂ ਤਹਿਤ ਪਟਵਾਰੀਆਂ ਅਤੇ ਕਾਨੂੰਗੋਆਂ ਲਈ ਸਟੇਟ ਕਾਡਰ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਪਟਵਾਰੀਆਂ ਤੇ ਕਾਨੂੰਗੋਆਂ ਦੀ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਬਦਲੀ ਕੀਤੀ ਜਾ ਸਕੇਗੀ। ਜ਼ਿਕਰਯੋਗ ਹੈ ਕਿ ਪਟਵਾਰੀ ਨਿਯੁਕਤੀ ਤੋਂ ਲੈ ਕੇ ਰਿਟਾਇਰਮੈਂਟ ਤੱਕ ਇੱਕੋ ਹੀ ਜ਼ਿਲ੍ਹੇ ਵਿੱਚ ਨਿਯੁਕਤ ਰਹਿੰਦੇ ਹਨ। ਅਕਸਰ ਜ਼ਿਲ੍ਹੇ ਵਿੱਚ ਮਾਲ ਵਿਭਾਗ ਦੇ ਕੰਮਾਂ ‘ਤੇ ਪਟਵਾਰੀਆਂ ਦੇ ਏਕਾਧਿਕਾਰ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਚੇਤੇ ਰਹੇ ਕਿ ਪਿਛਲੇ ਸਮੇਂ ਦੌਰਾਨ ਜਦੋਂ ਪਟਵਾਰੀਆਂ ਨੇ ਕਲਮਛੋੜ ਹੜ੍ਹਤਾਲ ਕੀਤੀ ਸੀ, ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪਟਵਾਰੀਆਂ ਲਈ ਸੂਬੇ ‘ਚ ਨਵਾਂ ਕਾਡਰ ਤਿਆਰ ਕੀਤਾ ਜਾਵੇਗਾ। ਸੂਬੇ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸਦੀ ਪੁਸ਼ਟੀ ਕੀਤੀ ਹੈ ਕਿ ਪਟਵਾਰੀਆਂ ਦੇ ਸਟੇਟ ਕਾਡਰ ਸਬੰਧੀ ਫਾਈਲ ਪ੍ਰਸੋਨਲ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਇਸ ਨੂੰ ਹਰੀ ਝੰਡੀ ਦੇਣਗੇ। ਇਹਨਾਂ ਨਵੇਂ ਨਿਯਮਾਂ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦਾ ਪਟਵਾਰੀਆਂ ‘ਤੇ ਕਾਰਵਾਈ ਦਾ ਅਧਿਕਾਰ ਵੀ ਖਤਮ ਹੋ ਜਾਵੇਗਾ ਅਤੇ ਹੁਣ ਡਾਇਰੈਕਟਰ ਲੈਂਡ ਹੀ ਪਟਵਾਰੀਆਂ ਦਾ ਕੰਮਕਾਰ ਦੇਖਣਗੇ ਅਤੇ ਕਾਰਵਾਈ ਦੇ ਅਧਿਕਾਰ ਵੀ ਡਾਇਰੈਕਟਰ ਲੈਂਡ ਕੋਲ ਹੀ ਹੋਣਗੇ। ਹੁਣ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਕਿਸੇ ਵੀ ਮਾਮਲੇ ਵਿੱਚ ਡਾਇਰੈਕਟਰ ਲੈਂਡ ਨੂੰ ਸਿਫ਼ਾਰਸ਼ ਹੀ ਕਰੇਗਾ। ਸੂਤਰਾਂ ਅਨੁਸਾਰ ਮੁੱਖ ਮੰਤਰੀ ਇਹਨਾਂ ਨਵੇਂ ਨਿਯਮਾਂ ਨੂੰ ਤਿਆਰ ਕਰਨ ਵਿੱਚ ਨਿੱਜੀ ਤੌਰ ਤੇ ਦਿਲਚਸਪੀ ਲੈ ਰਹੇ ਹਨ ਇਸ ਵੀ ਮੰਨਿਆ ਜਾ ਰਿਹਾ ਹੈ ਕਿ ਪਟਵਾਰੀਆਂ ਦਾ ਸਟੇਟ ਕਾਡਰ ਸਬੰਧੀ ਨੀਤੀ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗੀ, ਜਿਸ ਤਹਿਤ ਹੁਣ ਪਟਵਾਰੀ ਨਿਯੁਕਤੀ ਤੋਂ ਲੈ ਕੇ ਰਿਟਾਇਰਮੈਂਟ ਤੱਕ ਇੱਕੋ ਹੀ ਜ਼ਿਲ੍ਹੇ ਵਿੱਚ ਨੌਕਰੀ ਨਹੀਂ ਕਰ ਸਕਣਗੇ ਅਤੇ ਹੁਣ ਪਟਵਾਰੀਆਂ ਤੇ ਕਾਨੂੰਗੋਆਂ ਨੂੰ ਵੀ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਵਾਂਗ ਬਦਲੀਆਂ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ।

Leave a Reply

Your email address will not be published. Required fields are marked *

error: Content is protected !!