Gee 98News

ਚੰਡੀਗੜ੍ਹ,16 ਜਨਵਰੀ- ਪੰਜਾਬ ‘ਚ ਫਾਰਮੇਸੀ ਦੀਆਂ ਜਾਅਲੀ ਡਿਗਰੀਆਂ ਵੰਡਣ ਦੇ ਗੋਰਖਧੰਦੇ ਦੀਆਂ ਪਰਤਾਂ ਖੁੱਲਦੀਆਂ ਜਾ ਰਹੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਰਜਿਸਟਰਾਰ ਅਤੇ ਹੋਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਮੀਦਵਾਰਾਂ ਨੂੰ ਜਾਅਲੀ ਦਾਖਲਾ ਦੇਣ ਅਤੇ ਡੀ-ਫਾਰਮੇਸੀ ਦੀਆਂ ਜਾਅਲੀ ਡਿਗਰੀਆਂ ਜਾਰੀ ਕਰਨ ਦੇ ਦੋਸ਼ ਵਿੱਚ ਚਾਰ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਹਨ । ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਸਾਬਕਾ ਰਜਿਸਟਰਾਰਾਂ ਅਤੇ ਹੋਰ ਅਧਿਕਾਰੀਆਂ ਸਮੇਤ 9 ਫਾਰਮਾਸਿਸਟਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀ-ਫਾਰਮੇਸੀ ਦੀਆਂ ਜਾਅਲੀ ਡਿਗਰੀਆਂ ਵੰਡਣ ਦੇ ਗੋਰਖਧੰਦੇ ਦੀਆਂ ਪਰਤਾਂ ਖੋਲ੍ਹਦੇ ਹੋਏ ਮੈਡੀਕਲ ਅਦਾਰਿਆਂ ਦੇ ਤਿੰਨ ਪ੍ਰਿੰਸੀਪਲਾਂ ਤੇ ਇੱਕ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਬਠਿੰਡਾ ਦੇ ਮਾਲਕ ਗੁਰਪ੍ਰੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਲ 2013 ਬਰਨਾਲਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਕਾਲਜ ਸ਼ਹਿਣਾ ਵਿੱਚ ਪ੍ਰਿੰਸੀਪਲ ਰਹੇ ਆਰ.ਐਸ. ਰਾਮਾਕੌੜੀ ਅਤੇ ਸਾਲ 2011 ਵਿੱਚ ਲਾਲਾ ਲਾਜਪਤ ਰਾਏ ਕਾਲਜ ਆਫ਼ ਫਾਰਮੇਸੀ ਮੋਗਾ ਦੇ ਪ੍ਰਿੰਸੀਪਲ ਰਹੇ ਬਲਜਿੰਦਰ ਸਿੰਘ ਬਾਜਵਾ ਦੀ ਵੀ ਗ੍ਰਿਫ਼ਤਾਰੀ ਕੀਤੀ ਹੈ। ਇਨਾਂ ਅਧਿਕਾਰੀਆਂ ‘ਤੇ ਫਾਰਮੇਸੀ ਕੌਂਸਲ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋੜੀਂਦੇ ਮਾਈਗਰੇਸ਼ਨ ਸਰਟੀਫਿਕੇਟ ਲੈਣ ਤੋਂ ਬਿਨਾਂ ਹੀ ਹੋਰ ਰਾਜਾਂ ਦੇ ਵਿਦਿਆਰਥੀਆਂ ਨੂੰ ਮੋਟੀ ਰਿਸ਼ਵਤ ਲੈ ਕੇ ਦਾਖਲਾ ਦੇਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਡੀ-ਫਾਰਮੇਸੀ ਕੋਰਸ ਵਿੱਚ ਮੈਡੀਕਲ ਜਾਂ ਨਾਨ ਮੈਡੀਕਲ ਸਟਰੀਮ ਪ੍ਰਾਈਵੇਟ ਤੌਰ ‘ਤੇ ਪਾਸ ਕਰਨ ਵਾਲਿਆਂ ਨੂੰ ਵੀ ਦਾਖਲਾ ਦਿੱਤਾ ਗਿਆ ਜਦਕਿ ਇਸ ਕੋਰਸ ਦੇ ਲਈ ਰੈਗੂਲਰ ਤੌਰ ‘ਤੇ ਮੈਡੀਕਲ ਜਾਂ ਨਾਨ ਮੈਡੀਕਲ ਦਾ ਕੋਰਸ ਪਾਸ ਕੀਤਾ ਹੋਣਾ ਜ਼ਰੂਰੀ ਹੈ। ਵਿਜੀਲੈਂਸ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਹਨਾਂ ਕਰਮਚਾਰੀਆਂ ਨੇ ਜਾਅਲੀ ਸਰਟੀਫਿਕੇਟ ਵੰਡਣ ਦੇ ਮਾਮਲੇ ਵਿੱਚ ਵੀ ਮੋਟੀਆਂ ਰਿਸ਼ਵਤਾਂ ਲਈਆਂ ਹਨ, ਜਿਸ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *

error: Content is protected !!