Gee 98News

ਚੰਡੀਗੜ੍ਹ,18 ਜਨਵਰੀ- ਚੰਡੀਗੜ੍ਹ ਦੇ ਮੇਅਰ ਦੀ ਚੋਣ ਅਚਾਨਕ ਰੱਦ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਰੇ ਕੌਂਸਲਰਾਂ ਨੇ ਨਗਰ ਨਿਗਮ ਦਫਤਰ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ‌ ਦੱਸ ਦੇਈਏ ਕਿ ਅੱਜ ਚੰਡੀਗੜ੍ਹ ਦੇ ਨਗਰ ਨਿਗਮ ਦੇ ਮੇਅਰ ਦੀ ਚੋਣ ਸੀ ਜਿਸ ਦੇ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੋ ਚੁੱਕਾ ਹੈ। ਦੋਵਾਂ ਪਾਰਟੀਆਂ ਦੇ ਗੱਠਜੋੜ ਤੋਂ ਬਾਅਦ ਮੇਅਰ ਆਮ ਆਦਮੀ ਪਾਰਟੀ ਦਾ ਬਨਣਾ ਲੱਗਭੱਗ ਯਕੀਨੀ ਹੈ ਪ੍ਰੰਤੂ ਚੋਣ ਤੋਂ ਕੁਝ ਸਮਾਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਵਟਸਐੱਪ ‘ਤੇ ਇੱਕ ਸੁਨੇਹਾ ਦਿੱਤਾ ਗਿਆ ਕਿ ਪ੍ਰਜਾਈਡਿੰਗ ਅਫ਼ਸਰ ਦੇ ਅਚਾਨਕ ਬਿਮਾਰ ਹੋ ਜਾਣ ਕਾਰਨ ਅੱਜ ਦੀ ਚੋਣ ਰੱਦ ਕੀਤੀ ਜਾਂਦੀ ਹੈ। ‌ ਜਿਸ ਤੋਂ ਬਾਅਦ ਆਪ ਤੇ ਕਾਂਗਰਸ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਆਪ ਤੇ ਕਾਂਗਰਸ ਦੇ ਕੌਂਸਲਰਾਂ ਦੀ ਚੰਡੀਗੜ੍ਹ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਨੂੰ ਹਿਰਾਸਤ ਵਿੱਚ ਵੀ ਲਿਆ। ਆਪ ਦੇ ਸੰਸਦ ਦੇ ਰਾਘਵ ਚੱਢਾ ਨੇ ਕਿਹਾ ਕਿ ਹਾਰ ਯਕੀਨੀ ਦੇਖ ਕੇ ਭਾਜਪਾ ਮੇਅਰ ਦੀ ਚੋਣ ‘ਚ ਸਾਜਿਸ਼ ਕਰ ਰਹੀ ਹੈ। ਰਾਘਵ ਚੱਢਾ ਨੇ ਕਿਹਾ ਕਿ ਉਹਨਾਂ ਕੋਲ ਹਾਈਕੋਰਟ ਜਾਣ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਹੈ। ਉਹਨਾਂ ਦੱਸਿਆ ਕਿ ਮੇਅਰ ਦੀ ਚੋਣ ਕਰਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਭਰੋਸੇਯੋਗ ਸੂਤਰਾਂ ਅਨੁਸਾਰ ਚੋਣ ਰੱਦ ਕੀਤੇ ਜਾਣ ਤੋਂ ਬਾਅਦ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਨੂੰ ਮੁੱਖ ਮੰਤਰੀ ਨਿਵਾਸ ‘ਤੇ ਵੀ ਬੁਲਾਇਆ ਗਿਆ ਹੈ। ਅੱਜ ਚੋਣ ਰੱਦ ਕੀਤੇ ਜਾਣ ਤੋਂ ਬਾਅਦ ਆਪ ਤੇ ਕਾਂਗਰਸ ਲਈ ਆਪਣੇ ਕੌਂਸਲਰਾਂ ਨੂੰ ਇਕੱਠੇ ਰੱਖਣ ਦੀ ਸਿਰ ਦਰਦੀ ਹੋਰ ਵੱਧ ਗਈ ਹੈ। ਜਿਕਰਯੋਗ ਹੈ ਕਿ ਕਈ ਦਿਨਾਂ ਤੋਂ ਆਪ ਤੇ ਕਾਂਗਰਸ ਨੇ ਆਪਣੇ ਸਾਰੇ ਕੌਂਸਲਰਾਂ ਨੂੰ ਰੋਪੜ ਦੇ ਇੱਕ ਹੋਟਲ ਵਿੱਚ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਹੋਇਆ ਸੀ ਤਾਂ ਜੋ ਭਾਜਪਾ ਕਿਸੇ ਵੀ ਕੌਂਸਲਰ ਨਾਲ ਸੰਪਰਕ ਨਾ ਕਰ ਸਕੇ।

Leave a Reply

Your email address will not be published. Required fields are marked *

error: Content is protected !!