Skip to main content

Gee 98News

ਬਰਨਾਲਾ ਵਿਖੇ ਸ਼ਰਾਰਤੀ ਅਨਸਰਾਂ ਨੇ ਭਗਵਾਨ ਸ੍ਰੀ ਰਾਮ ਜੀ ਦੀਆਂ ਤਸਵੀਰਾਂ ਵਾਲੇ ਪੋਸਟਰ ਪਾੜ੍ਹੇ…ਦੋ ਦੋਸ਼ੀ ਕਾਬੂ

-ਦੋਸ਼ੀਆਂ ਖਿਲਾਫ ਕਰਾਂਗੇ ਸਖ਼ਤ ਕਾਰਵਾਈ- SHO ਢਿੱਲੋਂ
ਬਰਨਾਲਾ,18 ਜਨਵਰੀ (ਨਿਰਮਲ ਸਿੰਘ ਪੰਡੋਰੀ)-ਬੀਤੇ ਕੱਲ੍ਹ ਬਰਨਾਲਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੀਆਂ ਤਸਵੀਰਾਂ ਵਾਲੇ ਪੋਸਟਰ ਪਾੜਨ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਦੇ ਸੂਬਾ ਸਹਿਮੁਖੀ ਵਿਜੇ ਮਾਰਵਾੜੀ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਉਹਨਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਚਿੰਟੂ ਪਾਰਕ ਦੇ ਨਜ਼ਦੀਕ ਕੁਝ ਸ਼ਰਾਰਤੀ ਅਨਸਰ ਭਗਵਾਨ ਸ੍ਰੀ ਰਾਮ ਜੀ ਦੀਆਂ ਤਸਵੀਰਾਂ ਵਾਲੇ ਪੋਸਟਰ ਪਾੜ੍ਹ ਰਹੇ ਹਨ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪੁੱਜੇ ਅਤੇ ਪੋਸਟਰ ਪਾੜ੍ਹ ਰਹੇ ਸ਼ਰਾਰਤੀ ਅਨਸਰਾਂ ਵਿੱਚੋਂ ਇਕ ਜਣੇ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ‘ਤੇ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪੀਸੀਆਰ ਮੁਲਾਜ਼ਮ ਪੁੱਜੇ ਅਤੇ ਕਾਬੂ ਕੀਤੇ ਗਏ ਦੋਸ਼ੀ ਨੂੰ ਪੀਸੀਆਰ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਸ੍ਰੀ ਵਿਜੇ ਮਾਰਵਾੜੀ ਨੇ ਦੱਸਿਆ ਕਿ ਅਯੁਧਿਆ ਵਿਖੇ ਭਗਵਾਨ ਸ੍ਰੀ ਰਾਮ ਜੀ ਦੀ ਮੂਰਤੀ ਸਬੰਧੀ ਪ੍ਰਾਣ ਪ੍ਰਤੀਸ਼ਠਾ ਸਮਾਗਮ ਦੇ ਨਾਲ ਸੰਬੰਧਿਤ ਇਹ ਪੋਸਟਰ ਲੋਕਾਂ ਨੂੰ 22 ਜਨਵਰੀ ਨੂੰ ਖੁਸ਼ੀ ਮਨਾਉਣ ਸਬੰਧੀ ਲਗਾਏ ਗਏ ਸਨ। ਉਹਨਾਂ ਕਿਹਾ ਕਿ ਇਹਨਾਂ ਪੋਸਟਰਾਂ ਨੂੰ ਪਾੜ੍ਹ ਕੇ ਦੋਸ਼ੀਆਂ ਨੇ ਰਾਮ ਭਗਤਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ, ਇਸ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਸ਼ਰਾਰਤੀ ਅਨਸਰ ਆਪਸੀ ਭਾਈਚਾਰੇ ‘ਚ ਫਰਕ ਪਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ। ਉਹਨਾਂ ਦੱਸਿਆ ਕਿ ਇਸ ਸਬੰਧੀ ਇੱਕ ਲਿਖ਼ਤੀ ਦਰਖ਼ਾਸਤ ਵੀ ਐਸਐਚਓ ਸਿਟੀ ਨੂੰ ਦਿੱਤੀ ਗਈ ਹੈ। ਇਸ ਮੌਕੇ ਨੈਬ ਸਿੰਘ ਕਾਲਾ ਪ੍ਰਧਾਨ ਵਪਾਰ ਮੰਡਲ, ਰਾਮ ਲਾਲ ਬਦਰਾ ਅਤੇ ਅੰਕੁਰ ਸ੍ਰੀ ਪ੍ਰਾਚੀਨ ਸ਼ਿਵ ਮੰਦਿਰ ਕਮੇਟੀ 22 ਏਕੜ, ਸ਼ਮੀ ਸਿੰਗਲਾ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ, ਪ੍ਰਵੀਨ ਪਵਨ ਸੇਵਾ ਸੰਮਤੀ, ਹਰਪ੍ਰੀਤ ਸੋਭਤੀ ਪ੍ਰਧਾਨ ਗਊ ਪੁੱਤਰ ਸੈਨਾ ਬਰਨਾਲਾ, ਗਰਵਿਤ ਗੋਇਲ ਸ੍ਰੀ ਰਾਮ ਸੇਵਕ ਮੰਚ ਬਰਨਾਲਾ ਅਤੇ ਜਗਦੀਸ਼ ਵਰਮਾ ਨੇ ਵੀ ਭਗਵਾਨ ਸ੍ਰੀ ਰਾਮ ਜੀ ਦੀਆਂ ਤਸਵੀਰਾਂ ਵਾਲੇ ਪੋਸਟਰ ਪਾੜ੍ਹ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਸਬੰਧੀ ਐਸਐਚਓ ਸਿਟੀ-1 ਬਲਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਜ਼ਿੰਮੇਵਾਰ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਨਾਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!