Gee 98News

ਬਰਨਾਲਾ,18 ਜਨਵਰੀ (ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹੇ ਦੇ ਚਾਰ ਕਬੱਡੀ ਖਿਡਾਰੀਆਂ ਉੱਤੇ ਦਰਜ ਪੁਲਿਸ ਮੁਕੱਦਮਾ ਰੱਦ ਕਰਵਾਉਣ ਲਈ ਪਿੰਡ ਠੀਕਰੀਵਾਲ ਵਿਖੇ ਲੱਗੇ ਪੱਕੇ ਮੋਰਚੇ ਦੇ ਚੌਥੇ ਦਿਨ ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੋਰਚੇ ਦੀ ਸਟੇਜ ‘ਤੇ ਪੁੱਜ ਕੇ ਇਨਸਾਫ ਦਾ ਭਰੋਸਾ ਦਿੱਤਾ। ਬਰਨਾਲਾ ਦੇ ‌ ਐੱਸ.ਪੀ.(ਐਚ) ਮੇਜਰ ਸਿੰਘ ਨੇ ਮੋਰਚੇ ਦੀ ਸਟੇਜ ਤੇ ਪਹੁੰਚਕੇ ਆਗੂਆਂ ਤੇ ਲੋਕਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿਵਾਉਂਦੇ ਹੋਏ 2 ਹਫ਼ਤੇ ਦਾ ਸਮਾਂ ਮੰਗਿਆ। ਮੋਰਚੇ ਦੇ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਐੱਸ.ਪੀ. ਮੇਜਰ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀਆਂ ਦੇ ਮੁਕੱਦਮਿਆਂ ਨਾਲ ਸਬੰਧਤ ਕੁੱਝ ਨਵੇਂ ਤੱਥ ਸਾਹਮਣੇ ਆਏ ਹਨ ਜਿਹਨਾਂ ਨੂੰ ਧਿਆਨ ‘ਚ ਰੱਖਦੇ ਹੋਏ ਖਿਡਾਰੀਆਂ ਨੂੰ ਇਨਸਾਫ਼ ਦਿੱਤਾ ਜਾਵੇਗਾ।
ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੋਰਚੇ ਦੇ ਆਗੂਆਂ ਤੇ ਲੋਕਾਂ ਨੇ ਪੱਕੇ ਮੋਰਚੇ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ। ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਤਰਸੇਮ ਸਿੰਘ ਜੋਧਾਂ ਤੇ ਡੀ.ਐੱਸ.ਪੀ. ਬਲਵਿੰਦਰ ਸੇਖੋਂ ਨੇ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀ ਦੇ ਭਰੋਸੇ ‘ਤੇ ਮੋਰਚੇ ਨੂੰ ਸਿਰਫ਼ ਮੁਲਤਵੀ ਕਰ ਰਹੇ ਹਾਂ ਪਰ ਸੰਘਰਸ਼ ਕਬੱਡੀ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜੇ ਪ੍ਰਸ਼ਾਸ਼ਨ ਦੋ ਹਫ਼ਤਿਆਂ ਬਾਅਦ ਆਪਣੇ ਵਾਅਦੇ ਤੋਂ ਪਿੱਛੇ ਹੱਟਦਾ ਤਾਂ ਉਹ ਹੋਰ ਵੀ ਤਿੱਖੇ ਸੰਘਰਸ਼ ਲਈ ਤਿਆਰ ਰਹੇ। ਇਸ ਮੌਕੇ ਜਗਰਾਜ ਸਿੰਘ ਹਰਦਾਸਪੁਰਾ (ਬੀ.ਕੇ.ਯੂ. ਡਕੌਂਦਾ), ਜਗਸੀਰ ਸਿੰਘ ਸੀਰਾ (ਬੀ.ਕੇ.ਯੂ. ਕਾਦੀਆਂ), ਨਿਰਭੈ ਸਿੰਘ ਗਿਆਨੀ (ਬੀ.ਕੇ.ਯੂ.ਰਾਜੇਵਾਲ), ਦਰਸਨ ਸਿੰਘ ਚੀਮਾਂ (ਬੀ.ਕੇ.ਯੂ.ਉਗਰਾਹਾਂ), ਮਿਲਖਾ ਸਿੰਘ (ਡੀ.ਐਮ.ਐੱਫ.), ਜਗਰਾਜ ਸਿੰਘ ਟੱਲੇਵਾਲ, ਦਰਸਨ ਸਿੰਘ ਉੱਗੋਕੇ ਆਦਿ ਆਗੂਆਂ ਨੇ ਮੋਰਚੇ ‘ਚ ਹਾਜ਼ਰੀ ਲਗਵਾਈ।

Leave a Reply

Your email address will not be published. Required fields are marked *

error: Content is protected !!