Skip to main content

Gee 98News

‘ਆਪ’ ਦੇ ਇੱਕ ਸਾਬਕਾ ਵਿਧਾਇਕ ਨੂੰ ਕੈਨੇਡਾ ਦੇ ਏਅਰਪੋਰਟ ‘ਤੇ ਰੋਕਿਆ 7 ਘੰਟੇ ਕੀਤੀ ਪੁੱਛਗਿੱਛ…ਸਪੀਕਰ ਸੰਧਵਾਂ ਵੀ ਨਾਲ ਸਨ…!

ਚੰਡੀਗੜ੍ਹ,19 ਜਨਵਰੀ- ਪੰਜਾਬ ਤੋਂ ਕੈਨੇਡਾ ਗਏ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਵਿਧਾਇਕ ਨੂੰ ਟਰਾਂਟੋ ਦੇ ਏਅਰਪੋਰਟ ‘ਤੇ ਕੈਨੇਡਾ ਦੇ ਅਧਿਕਾਰੀਆਂ ਨੇ 7 ਘੰਟੇ ਤੱਕ ਰੋਕ ਕੇ ਰੱਖਿਆ ਤੇ ਪੁੱਛਗਿੱਛ ਕੀਤੀ। ਇਹ ਮਾਮਲਾ 17 ਜਨਵਰੀ 2024 ਦਾ ਹੈ ਜਦੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਹਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਕੈਨੇਡਾ ਗਏ ਸਨ ਤਾਂ ਉਹਨਾਂ ਨੂੰ ਟਰਾਂਟੋ ਦੇ ਏਅਰਪੋਰਟ ‘ਤੇ ਅਧਿਕਾਰੀਆਂ ਨੇ ਰੋਕ ਲਿਆ। ਦਰਅਸਲ ਸਾਬਕਾ ਵਿਧਾਇਕ ਸੰਦੋਹਾ ਦੇ ਖ਼ਿਲਾਫ਼ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਇੱਕ ਸ਼ਿਕਾਇਤ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਉਸ ਉੱਤੇ ਬੱਚੇ ਨਾਲ ਛੇੜਛਾੜ ਦੇ ਦੋਸ਼ਾਂ ਦੇ ਸੰਬੰਧ ਵਿੱਚ ਪੰਜਾਬ ਦੇ ਰੋਪੜ ਵਿੱਚ ਇੱਕ ਮੁਕੱਦਮਾ ਦਰਜ ਹੈ, ਇਸ ਲਈ ਜਦੋਂ 17 ਜਨਵਰੀ ਨੂੰ ਸੰਦੋਹਾ ਕੈਨੇਡਾ ਦੇ ਟਰਾਂਟੋ ਏਅਰਪੋਰਟ ‘ਤੇ ਪੁੱਜੇ ਤਾਂ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਕੇ ਬੱਚੇ ਨਾਲ ਛੇੜਛਾੜ ਦੇ ਦੋਸ਼ਾਂ ਸਬੰਧੀ 7 ਘੰਟੇ ਤੱਕ ਪੁੱਛਗਿੱਛ ਕੀਤੀ ਇਸ ਵੇਲੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਉਹਨਾਂ ਦੇ ਨਾਲ ਸਨ। ‌ ਸਪੀਕਰ ਸੰਧਵਾਂ ਨੇ ਇਸ ਮਾਮਲੇ ‘ਚ ਰੋਪੜ ਦੇ ਐਸਐਸਪੀ ਨਾਲ ਸੰਪਰਕ ਕੀਤਾ ਤਾਂ ਰੋਪੜ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਇੱਕ ਚਿੱਠੀ ਕੈਨੇਡੀਅਨ ਅਧਿਕਾਰੀਆਂ ਨੂੰ ਭੇਜੀ ਜਿਸ ਤੋਂ ਬਾਅਦ ਸਾਬਕਾ ਵਿਧਾਇਕ ਨੂੰ ਸਪੀਕਰ ਸਮੇਤ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਗਿਆ। ਐਸਐਸਪੀ ਰੋਪੜ ਨੇ ਕੈਨੇਡਾ ਦੇ ਅਧਿਕਾਰੀਆਂ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਕਿ ਸਾਬਕਾ ਵਿਧਾਇਕ ਅਮਰਜੀਤ ਸੰਦੋਹਾ ਦੇ ਖ਼ਿਲਾਫ਼ ਬੱਚੇ ਨਾਲ ਛੇੜਛਾੜ ਤੇ ਦੋਸ਼ਾਂ ਸਬੰਧੀ ਇੱਕ ਮੁਕੱਦਮਾ ਦਰਜ ਸੀ ਪ੍ਰੰਤੂ ਉਸ ਮਾਮਲੇ ਵਿੱਚ ਰਾਜ਼ੀਨਾਮਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਾਲ 2010 ਵਿੱਚ ਜਦੋਂ ਅਮਰਜੀਤ ਸਿੰਘ ਸੰਦੋਹਾ ਦਿੱਲੀ ਵਿਖੇ ਟੈਕਸੀ ਚਲਾਉਂਦੇ ਸੀ ਤਾਂ ਰੋਪੜ ਦਾ ਇੱਕ ਬੱਚਾ ਉਹਨਾਂ ਕੋਲੇ ਡਰਾਈਵਰੀ ਸਿੱਖਦਾ ਸੀ, ਇਹ ਬੱਚਾ ਸੰਦੋਹਾ ਕੋਲ ਹੀ ਦਿੱਲੀ ਰਹਿੰਦਾ ਸੀ। ਇੱਕ ਦਿਨ ਅਚਾਨਕ ਬੱਚਾ ਦਿੱਲੀ ਤੋਂ ਰੋਪੜ ਆਪਣੇ ਘਰ ਪੁੱਜਾ ਅਤੇ ਸੰਦੋਹਾ ਵੱਲੋਂ ਉਸ ਨਾਲ ਕੀਤੀ ਕੁੱਟਮਾਰ ਬਾਰੇ ਦੱਸਿਆ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਉਸ ਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਵਿੱਚ ਬੱਚੇ ਨਾਲ ਕੁੱਟਮਾਰ ਦੀ ਗੱਲ ਸਾਹਮਣੇ ਆਈ ਸੀ। ਉਸ ਵੇਲੇ ਬੱਚੇ ਨੇ ਸੰਦੋਹਾ ਉਪਰ ਜਿਨਸ਼ੀ ਛੇੜਛਾੜ ਦੇ ਦੋਸ਼ ਵੀ ਲਗਾਏ ਸਨ। ਇਹ ਘਟਨਾ ਦਿੱਲੀ ਦੀ ਸੀ ਇਸ ਲਈ ਪੰਜਾਬ ਦੀ ਪੁਲਿਸ ਵੱਲੋਂ ਦਿੱਲੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਉਸ ਵੇਲੇ ਰੋਪੜ ਦੇ ਇੱਕ ਥਾਣੇ ਵਿੱਚ ਦੋਵੇਂ ਧਿਰਾਂ ਦਾ ਸਮਝੌਤਾ ਹੋ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਰੋਪੜ ਜ਼ਿਲ੍ਹੇ ‘ਚ ਮਾਮਲਾ ਖਤਮ ਹੋ ਗਿਆ ਪ੍ਰੰਤੂ ਇਸ ਸਮਝੌਤੇ ਸਬੰਧੀ ਦਿੱਲੀ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਐਸਐਸਪੀ ਰੋਪੜ ਨੇ ਕੈਨੇਡਾ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਉਸ ਵੇਲੇ ਰਾਜ਼ੀਨਾਮਾ ਹੋਣ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਸੀ ਪਰੰਤੂ ਇਸ ਮਾਮਲੇ ਦੀ ਡੀਡੀਆਰ ਖਤਮ ਨਹੀਂ ਹੋਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!