Skip to main content

Gee 98News

ਸਿਆਣੇ ਕਹਿੰਦੇ ਨੇ ਕਿ ਜਦੋਂ ਹਕੂਮਤ ਹੱਥ ਧੋ ਕੇ ਮਗਰ ਪੈ ਜਾਵੇ ਤਾਂ ਆਹ ਨੀਤੀ ਚੰਗੀ ਰਹਿੰਦੀ ਆਂ…!

ਚੰਡੀਗੜ੍ਹ,22 ਜਨਵਰੀ-ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਣ ‘ਤੇ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਰਾਜਨੀਤਿਕ ਸੁਭਾਅ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਐਤਵਾਰ ਆਪਣੇ ਹਲਕੇ ਭਲੱਥ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਆਪਣੇ ਉਹਨਾਂ ਰਾਜਨੀਤਿਕ ਵਿਰੋਧੀਆਂ ਦਾ ਸ਼ੁਕਰੀਆ ਅਦਾ ਕੀਤਾ ਜਿਨਾਂ ਦੇ ਪ੍ਰਤੀ ਖਹਿਰਾ “ਇੱਟ ਚੁੱਕਣ ‘ਤੇ ਪੱਥਰ ਚੁੱਕਣ” ਵਾਲੀ ਨੀਤੀ ‘ਤੇ ਚਲਦੇ ਰਹੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਆਪਣੇ ਮਾੜੇ ਸਮੇਂ ਦੌਰਾਨ ਹਾਅ ਦਾ ਨਾਅਰਾ ਮਾਰਨ ਵਾਲੇ ਬੀਬੀ ਜੰਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਸਿਮਰਨਜੀਤ ਸਿੰਘ ਮਾਨ, ਸੁਨੀਲ ਜਾਖੜ ਦਾ ਖਹਿਰਾ ਨੇ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਸੁਖਪਾਲ ਖਹਿਰਾ ਨੇ ਬੀਬੀ ਜੰਗੀਰ ਕੌਰ ਤੋਂ ਪਿਛਲੇ ਸਮੇਂ ਦੌਰਾਨ ਹੋਈਆਂ ਜ਼ਿਆਦਤੀਆਂ ਦੀ ਮੁਆਫ਼ੀ ਵੀ ਮੰਗੀ ਅਤੇ ਸ਼ਰੇਆਮ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬੀਬੀ ਜੰਗੀਰ ਕੌਰ ਦੀ ਉਹ ਡੱਟ ਕੇ ਮਦਦ ਕਰਨਗੇ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਬਿਕਰਮ ਮਜੀਠੀਆ ‘ਤੇ ਕੋਈ ਮੁਕੱਦਮਾ ਦਰਜ ਕਰਦੀ ਹੈ ਤਾਂ ਉਹ ਮਜੀਠੀਆ ਦਾ ਡੱਟ ਕੇ ਸਾਥ ਦੇਣਗੇ। ਜ਼ਿਕਰਯੋਗ ਹੈ ਕਿ ਭੁਲੱਥ ਹਲਕੇ ਦੀ ਰਾਜਨੀਤੀ ਵਿੱਚ ਇੱਕ ਸਮਾਂ ਅਜਿਹਾ ਵੀ ਰਿਹਾ ਹੈ, ਜਦੋਂ ਖਹਿਰਾ ਤੇ ਬੀਬੀ ਜੰਗੀਰ ਕੌਰ ਇੱਕ ਦੂਜੇ ਨੂੰ ਕੁਨੱਖੀ ਅੱਖ ਨਾਲ ਵੇਖਦੇ ਰਹੇ ਹਨ। ‌ ਬੀਬੀ ਜੰਗੀਰ ਕੌਰ ਤੇ ਖਹਿਰਾ ਦਰਮਿਆਨ ਐਨੀ ਕੁ ਰਾਜਨੀਤਿਕ ਦੁਸ਼ਮਣੀ ਰਹੀ ਹੈ ਕਿ ਦੋਵਾਂ ਦੇ ਸਮਰਥਕ ਵੀ ਇੱਕ ਦੂਜੇ ਨੂੰ “ਸਾਸਰੀ ਕਾਲ” ਨਹੀਂ ਬੁਲਾਉਂਦੇ ਸਨ। ਜ਼ਾਹਿਰ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਇਹ ਰਾਜਨੀਤਿਕ ਵਿਚਾਰਧਾਰਾ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਹੀ ਬਦਲੀ ਹੈ ਕਿਉਂਕਿ ਖਹਿਰਾ ਇਸ ਪੱਖ ‘ਤੇ ਜ਼ਿਆਦਾ ਜ਼ੋਰ ਦੇ ਰਹੇ ਹਨ ਕਿ ਭਗਵੰਤ ਮਾਨ ਨੇ ਨਿੱਜੀ ਤੌਰ ‘ਤੇ ਸਿਆਸੀ ਦੁਸ਼ਮਣੀ ਤਹਿਤ ਹੀ ਉਹਨਾਂ ਦੀ ਇੱਕ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰੀ ਕਰਵਾਈ ਹੈ। ਬਹਰਹਾਲ ! ਸੁਖਪਾਲ ਸਿੰਘ ਖਹਿਰਾ ਅਜੋਕੇ ਦੌਰ ‘ਚ ਅਜਿਹੇ ਰਾਜਨੀਤਿਕ ਪੈਂਤੜੇ ‘ਤੇ ਚੱਲ ਰਹੇ ਜਾਪਦੇ ਹਨ ਕਿ ਜਦੋਂ “ਹਕੂਮਤ ਹੱਥ ਧੋ ਕੇ” ਮਗਰ ਪੈ ਜਾਵੇ ਤਾਂ ਕਿਸੇ ਵੇਲੇ ਸਿਆਸੀ ਵਿਰੋਧੀ ਰਹੇ ਲੋਕਾਂ ਤੋਂ ਵੀ “ਲਿਫ਼ਟ” ਲੈ ਲੈਣੀ ਚਾਹੀਦੀ ਹੈ।

error: Content is protected !!