Gee 98News

ਬਰਨਾਲਾ,23 ਜਨਵਰੀ (ਨਿਰਮਲ ਸਿੰਘ ਪੰਡੋਰੀ)-ਅਯੁੱਧਿਆ ਵਿਖੇ ਸ੍ਰੀ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਭਗਵਾਨ ਸ੍ਰੀ ਰਾਮ ਜੀ ਦਾ ਮੰਦਰ ਆਮ ਸ਼ਰਧਾਲੂਆਂ ਲਈ ਦਰਸ਼ਨਾਂ ਲਈ ਤਿਆਰ ਹੈ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਮੰਦਰ ਸਬੰਧੀ ਕੁਝ ਵਡਮੁੱਲੀ ਜਾਣਕਾਰੀ ਰਾਮ ਭਗਤਾਂ ਲਈ ਸਾਂਝੀ ਕੀਤੀ ਗਈ ਹੈ ਜਿਵੇਂ ਮੰਦਰ ਵਿੱਚ ਦਰਸ਼ਨ ਕਦੋਂ ਕੀਤੇ ਜਾ ਸਕਣਗੇ, ਮੰਦਰ ‘ਚ ਆਰਤੀ ਦਾ ਸਮਾਂ ਕਦੋਂ ਹੋਵੇਗਾ, ਮੰਦਰ ਦਿਨ ਵੇਲੇ ਕਿੰਨੇ ਸਮੇਂ ਲਈ ਬੰਦ ਰਹੇਗਾ, ਸਮੇਤ ਕੁਝ ਵਡਮੁੱਲੀ ਜਾਣਕਾਰੀ ਰਾਮ ਭਗਤਾਂ ਲਈ ਸਾਂਝੀ ਕੀਤੀ ਗਈ ਹੈ। ‌ ਪ੍ਰਾਪਤ ਜਾਣਕਾਰੀ ਅਨੁਸਾਰ 23 ਜਨਵਰੀ 2024 ਤੋਂ ਰਾਮ ਲਲਾ ਦੇ ਦਰਸ਼ਨ ਕਰਨ ਦੇ ਲਈ ਆਮ ਸ਼ਰਧਾਲੂ ਅਯੁੱਧਿਆ ਆ ਸਕਣਗੇ। ਅਯੁੱਧਿਆ ਵਿੱਚ ਸ੍ਰੀ ਰਾਮ ਮੰਦਿਰ ਆਮ ਸ਼ਰਧਾਲੂਆਂ ਦੇ ਦਰਸਨਾਂ ਲਈ ਸਵੇਰੇ 7 ਵਜੇ ਤੋਂ 11:30 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਾ ਰਹੇਗਾ, ਦੁਪਹਿਰ ਮੰਦਰ ਕਰੀਬ ਢਾਈ ਘੰਟੇ ਭੋਗ ਅਤੇ ਆਰਾਮ ਲਈ ਬੰਦ ਰਹੇਗਾ। ਰਾਮ ਮੰਦਿਰ ਵਿੱਚ ਰਾਮਲਲਾ ਦੀ ਆਰਤੀ ਦਿਨ ਵਿੱਚ ਤਿੰਨ ਵਾਰ ਹੋਵੇਗੀ। ਪਹਿਲੀ ਆਰਤੀ ਸਵੇਰੇ 6:30 ਵਜੇ ਜਿਸ ਨੂੰ ਜਾਗਰਣ ਜਾਂ ਸ਼ਿੰਗਾਰ ਆਰਤੀ ਵੀ ਕਿਹਾ ਜਾਂਦਾ ਹੈ। ਦੂਜੀ ਆਰਤੀ ਦੁਪਹਿਰ 12 ਵਜੇ ਜਿਸ ਨੂੰ ਭੋਗ ਆਰਤੀ ਕਿਹਾ ਜਾਂਦਾ ਹੈ ਅਤੇ ਤੀਜੀ ਆਰਤੀ ਸ਼ਾਮ 7.30 ਵਜੇ ਜਿਸ ਨੂੰ ਸੰਧਿਆ ਆਰਤੀ ਕਿਹਾ ਜਾਂਦਾ ਹੈ। ‌ ਤਿੰਨ ਵੇਲੇ ਹੋਣ ਵਾਲੀ ਇਸ ਆਰਤੀ ਵਿੱਚ ਆਮ ਸ਼ਰਧਾਲੂ ਸ਼ਾਮਿਲ ਨਹੀਂ ਹੋ ਸਕਦੇ। ਇਸ ਆਰਤੀ ਵਿੱਚ ਸ਼ਾਮਿਲ ਹੋਣ ਲਈ ਸ੍ਰੀ ਰਾਮ ਮੰਦਰ ਤੀਰਥ ਖੇਤਰ ਟਰੱਸਟ ਤੋਂ ਇੱਕ ਵਿਸ਼ੇਸ਼ ਪਾਸ ਲੈਣਾ ਜ਼ਰੂਰੀ ਹੋਵੇਗਾ। ਇਹ ਪਾਸ ਬਣਾਉਣ ਲਈ ਸ਼ਰਧਾਲੂ ਨੂੰ ਆਪਣਾ ਇੱਕ ਪਛਾਣ ਪੱਤਰ ਦੇਣਾ ਜ਼ਰੂਰੀ ਹੋਵੇਗਾ। ਟਰੱਸਟ ਅਨੁਸਾਰ ਆਰਤੀ ਵਿੱਚ ਇੱਕ ਵਾਰ ਸਿਰਫ 30 ਲੋਕ ਹੀ ਸ਼ਾਮਿਲ ਹੋ ਸਕਣਗੇ। ‌ ਸਿਰਫ਼ ਪਾਸ ਵਾਲੇ ਸ਼ਰਧਾਲੂਆਂ ਨੂੰ ਹੀ ਆਰਤੀ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਹੋਵੇਗੀ। ਟਰੱਸਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਯੁੱਧਿਆ ਜਾਣ ਲਈ ਰੇਲ, ਬੱਸ ਜਾਂ ਹਵਾਈ ਮਾਰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਯੁੱਧਿਆ ਰੇਲਵੇ ਸਟੇਸ਼ਨ ਤੋਂ ਮੰਦਰ ਦੀ ਦੂਰੀ ਸਿਰਫ ਪੰਜ ਕਿਲੋਮੀਟਰ ਹੈ ਜਿੱਥੋਂ ਆਟੋ ਰਿਕਸ਼ਾ ਜਾਂ ਈ ਰਿਕਸ਼ਾ ਲੈ ਕੇ ਮੰਦਰ ਪੁੱਜਿਆ ਜਾ ਸਕਦਾ ਹੈ। ‌ਅਯੁੱਧਿਆ ਦੇ ਮਹਾਂਰਿਸ਼ੀ ਵਾਲਮੀਕ ਭਗਵਾਨ ਹਵਾਈ ਅੱਡੇ ਤੋਂ ਮੰਦਰ ਦੀ ਦੂਰੀ ਸਿਰਫ 17 ਕਿਲੋਮੀਟਰ ਹੈ। ‌ ਇਸ ਤੋਂ ਇਲਾਵਾ ਲਖਨਊ ਹਵਾਈ ਅੱਡੇ ਤੋਂ ਵੀ ਸੜਕ ਰਾਹੀਂ ਅਯੁੱਧਿਆ ਜਾਇਆ ਜਾ ਸਕਦਾ ਹੈ ਜਿਸ ਦੀ ਦੂਰੀ 160 ਕਿਲੋਮੀਟਰ ਦੇ ਲੱਗਭੱਗ ਹੈ। ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨਰਪਿੰਦਰ ਮਿਸ਼ਰਾ ਨੇ ਦੱਸਿਆ ਕਿ ਮੰਦਰ ਦਾ ਨਿਰਮਾਣ ਲੱਗਭੱਗ ਅੰਤਮ ਪੜਾਅ ‘ਤੇ ਹੈ ਅਤੇ ਇਸ ਸਾਲ ਦਸੰਬਰ ਤੱਕ ਮੰਦਰ ਦਾ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ। ‌ ਇਸ ਮੰਦਰ ਵਿੱਚ ਚਾਰ ਕੋਨਿਆਂ ‘ਤੇ ਚਾਰ ਹੋਰ ਦੇਵਤਿਆਂ ਦੇ ਮੰਦਰ ਵੀ ਹਨ ਜਿਨਾਂ ਵਿੱਚ ਭਗਵਾਨ ਸ਼ਿਵ, ਭਗਵਾਨ ਸੂਰਜ, ਮਾਤਾ ਭਗਵਤੀ ਅਤੇ ਭਗਵਾਨ ਗਨੇਸ਼ ਜੀ ਸ਼ਾਮਿਲ ਹਨ, ਇਸ ਤੋਂ ਇਲਾਵਾ ਇਥੇ ਅੰਨਪੂਰਨਾ ਮਾਤਾ ਅਤੇ ਹਨੂੰਮਾਨ ਜੀ ਦਾ ਮੰਦਰ ਵੀ ਹੈ।

Leave a Reply

Your email address will not be published. Required fields are marked *

error: Content is protected !!