Gee 98News

ਚੰਡੀਗੜ੍ਹ,24 ਜਨਵਰੀ- ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ‘ਚ ਸੂਬਾ ਚੋਣ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ “ਇੱਕ ਮਿਆਨ ਵਿੱਚ ਦੋ ਤਲਵਾਰਾਂ” ਪਾ ਦਿੱਤੀਆਂ ਹਨ। ਕਾਂਗਰਸ ਹਾਈਕਮਾਂਡ ਨੇ ਲੋਕ ਸਭਾ ਚੋਣਾਂ ਲਈ 27 ਮੈਂਬਰੀ ਸੂਬਾ ਚੋਣ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਣਾਇਆ ਗਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਂਬਰ ਬਣਾਇਆ ਹੈ। ਪੰਜਾਬ ਕਾਂਗਰਸ ਦੀਆਂ ਪਿਛਲੇ ਕੁਝ ਸਮੇਂ ਦੀਆਂ ਸਰਗਰਮੀਆਂ ‘ਤੇ ਨਜ਼ਰ ਮਾਰੀਏ ਤਾਂ ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ 36 ਦਾ ਅੰਕੜਾ ਬਣ ਚੁੱਕਿਆ ਹੈ। ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਰਾਜਾ ਵੜਿੰਗ ਇੱਕ ਤੋਂ ਵੱਧ ਵਾਰ ਪਾਰਟੀ ਤੋਂ ਬਾਹਰ ਕਢਵਾਉਣ ਦੀਆਂ ਧਮਕੀਆਂ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇਸ ਸੂਬਾ ਚੋਣ ਕਮੇਟੀ ਵਿੱਚ ਉਹ ਸੀਨੀਅਰ ਆਗੂ ਵੀ ਸ਼ਾਮਿਲ ਕੀਤੇ ਗਏ ਹਨ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਕੁਨੱਖੀ ਅੱਖ ਨਾਲ ਵੇਖਦੇ ਹਨ। ਇਹ ਆਗੂ ਨਵਜੋਤ ਸਿੰਘ ਸਿੱਧੂ ਦੀਆਂ ਵੱਖਰੀਆਂ ਰੈਲੀਆਂ ‘ਤੇ ਪੂਰੇ ਔਖੇ ਹਨ ਅਤੇ ਸੂਬਾ ਇੰਚਾਰਜ ਅਤੇ ਕਾਂਗਰਸ ਹਾਈਕਮਾਂਡ ਕੋਲ ਗਾਹੇ ਬਗਾਹੇ ਸਿੱਧੂ ਦੇ ਖ਼ਿਲਾਫ਼ ਪੂਰੀ ਭੜਾਸ ਕੱਢਦੇ ਰਹਿੰਦੇ ਹਨ। ਹੁਣ ਦੇਖਣਯੋਗ ਹੋਵੇਗਾ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਨਵਜੋਤ ਸਿੰਘ ਸਿੱਧੂ ਸ਼ਿਰਕਤ ਕਰਦੇ ਹਨ ਜਾਂ ਆਪਣੀ ਵੱਖਰੀ ਡਫਲੀ ਵਜਾਉਣਾ ਜਾਰੀ ਰੱਖਦੇ ਹਨ। ਸੂਬਾ ਚੋਣ ਕਮੇਟੀ ਦੇ ਨਾਵਾਂ ‘ਤੇ ਜੇਕਰ ਨਜ਼ਰ ਮਾਰੀਏ ਤਾਂ ਲੱਗਦਾ ਹੈ ਕਿ ਕਾਂਗਰਸ ਹਾਈਕਮਾਂਡ ਚੋਣਾਂ ਤੋਂ ਪਹਿਲਾਂ ਸੂਬਾ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਕਰਨਾ ਚਾਹੁੰਦੀ ਹੈ ਪ੍ਰੰਤੂ ਇਹ ਕਲੇਸ਼ ਇਸ ਹੱਦ ਤੱਕ ਪੁੱਜ ਚੁੱਕਾ ਹੈ ਕਿ ਇਹ ਖਤਮ ਹੋਣ ਦੀ ਬਜਾਏ ਕਿਸੇ ਅੰਜਾਮ ਤੱਕ ਹੀ ਪੁੱਜੇਗਾ ਕਿਉਂਕਿ ਸਿੱਧੂ ਦੇ ਮਾਮਲੇ ਵਿੱਚ ਰਾਜਾ ਵੜਿੰਗ ਨੂੰ ਸੀਨੀਅਰ ਆਗੂਆਂ ਦੀ ਹਮਾਇਤ ਹਾਸਿਲ ਹੈ ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਵੱਲੋਂ ਅਖ਼ਤਿਆਰ ਕੀਤੇ ਰਸਤੇ ਤੋਂ ਮੁੜਨ ਵਾਲਾ ਆਗੂ ਨਹੀਂ ਹੈ, ਜੋ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਵੇਲੇ ਵੇਖਿਆ ਵੀ ਜਾ ਚੁੱਕਾ ਹੈ। ਭਾਵੇਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਦਰੂਨੀ ਕਲੇਸ਼ ਦਾ ਨਤੀਜਾ ਵੀ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਭੁਗਤ ਚੁੱਕੀ ਹੈ ਪਰੰਤੂ ਇਹ ਜਾਣਦੇ ਹੋਏ ਵੀ ਕਿ ਇਕ ਮਿਆਨ ਵਿੱਚ ਦੋ ਤਲਵਾਰਾਂ ਇੱਕ ਦੂਜੇ ਨੂੰ ਹੀ ਕੱਟਣਗੀਆਂ, ਕਾਂਗਰਸ ਹਾਈ ਕਮਾਂਡ ਉਹੀ ਨੀਤੀ ਅਪਣਾ ਰਹੀ ਹੈ ਜੋ ਉਸਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾਈ ਸੀ। ‌

Leave a Reply

Your email address will not be published. Required fields are marked *

error: Content is protected !!