ਚੰਡੀਗੜ,23 ਅਗਸਤ (ਜੀ98 ਨਿਊਜ਼) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੇ ਸਿੱਧੂ ਲਈ ਸਿਆਸੀ ਉਲਝਣ ਪੈਦਾ ਕਰ ਦਿੱਤੀ ਹੈ। ਸਿੱਧੂ ਨੇ ਸਲਾਹਕਾਰਾਂ ਦੀ ਨਿਯੁਕਤੀ ਸੂਬੇ ’ਚ ਕਾਂਗਰਸ ਦੀ ਮਜ਼ਬੂਤੀ ਸੰਬੰਧੀ ਸਲਾਹ ਦੇਣ ਲਈ ਕੀਤੀ ਸੀ ਪ੍ਰੰਤੂ ਇਹ ਸਲਾਹਕਾਰ ਆਪਣੀਆਂ ਹੱਦਾਂ ਤੋਂ ਬਾਹਰ ਜਾਂਦੇ ਹੋਏ ਸਰਹੱਦਾਂ ਟੱਪ ਗਏ। ਸਿੱਧੂ ਦੇ 2 ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਤੇ ਪਿਆਰੇ ਲਾਲ ਗਰਗ ਭਾਰਤ ਤੇ ਪਾਕਿਸਤਾਨ ਨਾਲ ਜੁੜੇ ਗੰਭੀਰ ਮਾਮਲਿਆਂ ’ਤੇ ਟਿੱਪਣੀ ਕਰਕੇ ਸਿੱਧੂ ਨੂੰ ਵੀ ਸਿਆਸੀ ਗੇੜ ’ਚ ਫ਼ਸਾ ਦਿੱਤਾ ਹੈ ਕਿਉਂਕਿ ਸਿੱਧੂ ਦੇ ਸਲਾਹਕਾਰਾਂ ਦੀ ਮੁਲਕ ਦੀ ਸੁਰੱਖ਼ਿਆ ਅਤੇ ਸਾਂਤੀ ਨਾਲ ਜੁੜੀ ਟਿੱਪਣੀ ਦਾ ਕਾਂਗਰਸ ਹਾਈਕਮਾਨ ਨੇ ਵੀ ਨੋਟਿਸ ਲਿਆ ਹੈ। ਕਾਂਗਰਸੀ ਆਗੂ ਐਮਐਮ ਚੀਮਾ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਸਿੱਧੂ ਦੇ ਸਲਾਹਕਾਰਾਂ ਨੂੰ ਹਟਾਉਣ ਸਮੇਤ ਪਿਛਲੇ 30 ਦਿਨਾਂ ’ਚ ਕੀਤੀਆਂ ਸਾਰੀਆਂ ਨਿਯੁਕਤੀਆਂ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਸਿੱਧੂ ਦੇ ਸਲਾਹਕਾਰਾਂ ਨੂੰ ਨਸੀਹਤ ਦੇ ਕੇ, ਸਿਆਸੀ ਤਰੀਕੇ ਨਾਲ ਸਿੱਧੂ ਵੱਲੋਂ ਸਲਾਹਕਾਰਾਂ ਦੀ ਨਿਯੁਕਤੀ ਦੇ ਫੈਸਲੇ ਨੂੰ ਗਲਤ ਠਹਿਰਾ ਦਿੱਤਾ ਹੈ। ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਉਕਤ ਮਾਮਲੇ ’ਚ ਘੇਰਿਆ ਜਾ ਸਕਦਾ ਹੈ।