Skip to main content

Gee 98News

ਮਹਿਲਾ ਜੱਜ ਨੂੰ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼…ਦੋਸ਼ੀ ਫਰਾਰ, ਮਾਮਲਾ ਦਰਜ

ਚੰਡੀਗੜ੍ਹ,26 ਜਨਵਰੀ-ਅੰਮ੍ਰਿਤਸਰ ਵਿਖੇ ਇੱਕ ਮਹਿਲਾ ਜੱਜ ਨਾਲ ‌ਵਾਪਰੀ ਇੱਕ ਘਟਨਾ ਨੇ ਸੂਬੇ ‘ਚ ਲਾਅ ਐਂਡ ਆਰਡਰ ਦੀ ਸਥਿਤੀ ਵੱਲ ਧਿਆਨ ਖਿੱਚਿਆ ਹੈ। ‌ ਅੰਮ੍ਰਿਤਸਰ ਦੀ ਰਣਜੀਤ ਐਵਨਿਊ ਦੇ ਰੋਜ਼ ਪਾਰਕ ਵਿੱਚ ਸੈਰ ਕਰ ਰਹੀ ਇੱਕ ਮਹਿਲਾ ਜੱਜ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਵਿਖੇ ਹੀ ਤਾਇਨਾਤ ਵਧੀਕ ਜ਼ਿਲ੍ਹਾ ਜੱਜ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ ਸਵੇਰੇ ਰਣਜੀਤ ਐਵਨਿਊ ਦੇ ਰੋਜ਼ ਪਾਰਕ ਵਿੱਚ ਸੈਰ ਕਰਨ ਜਾਂਦੀ ਹੈ।‌ ਵੀਰਵਾਰ ਜਦ ਉਹ ਸਵੇਰੇ ਪਾਰਕ ਵਿੱਚ ਸੈਰ ਕਰ ਰਹੀ ਸੀ ਤਾਂ ਪਿੱਛੇ ਤੋਂ ਕਿਸੇ ਨੇ ਆ ਕੇ ਉਸ ਦੇ ਗਲੇ ਵਿੱਚ ਬਾਂਹ ਪਾ ਕੇ ਉਸਨੂੰ ਮਾਰਨ ਦੀ ਨੀਅਤ ਨਾਲ ਉਸਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ, ਜਦ ਉਸਨੇ ਹਮਲਾਵਰ ਤੋਂ ਆਪਣੇ ਆਪ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਮੀਨ ‘ਤੇ ਡਿੱਗ ਪਈ ਇਸ ਤੋਂ ਬਾਅਦ ਹਮਲਾਵਰ ਨੇ ਉਸ ਦਾ ਦੋਵੇਂ ਹੱਥਾਂ ਨਾਲ ਗਲਾ ਘੁੱਟ ਕੇ ਉਸਦਾ ਸਾਹ ਬੰਦ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਜੱਜ ਨੇ ਦੱਸਿਆ ਕਿ ਆਪਣੇ ਬਚਾਅ ਵਿੱਚ ਉਸਨੇ ਹਮਲਾਵਰ ਨੂੰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਤੇ ਦੰਦਾਂ ਨਾਲ ਉਸ ਦੇ ਹੱਥ ਉੱਤੇ ਦੰਦੀ ਵੱਢੀ। ‌ ਫਿਰ ਉਸਨੇ ਰੌਲਾ ਪਾਇਆ ਤਾਂ ਹਮਲਾਵਰ ਭੱਜ ਗਿਆ। ਮਹਿਲਾ ਜੱਜ ਵੱਲੋਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਹਿਲਾ ਜੱਜ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ‌ ਮੈਡੀਕਲ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਹਿਲਾ ਜੱਜ ਦੇ 9 ਸੱਟਾਂ ਲੱਗੀਆਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307 ਅਤੇ 323 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।‌ ਪੁਲਿਸ ਘਟਨਾ ਸਥਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ‌

error: Content is protected !!