ਚੰਡੀਗੜ੍ਹ, 31 ਜਨਵਰੀ, Gee98 news service
-ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ED ਦੀ ਟੀਮ ਨੇ ਜਲੰਧਰ ਵਿਖੇ ਲਗਾਤਾਰ ਸੱਤ ਘੰਟੇ ਤੱਕ ਪੁੱਛਗਿੱਛ ਕੀਤੀ। ED ਦੀ ਟੀਮ ਨੇ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੂੰ ਜਲੰਧਰ ਪੁੱਛਗਿੱਛ ਲਈ ਬੁਲਾਇਆ ਸੀ। ਸੂਤਰਾਂ ਅਨੁਸਾਰ ਵਿਧਾਇਕ ਕੁਲਵੰਤ ਸਿੰਘ ‘ਤੇ ਨਸ਼ਾ ਤਸਕਰੀ ਦੀ ਕਾਲੀ ਕਮਾਈ ਨੂੰ ਚਿੱਟਾ ਕਰਨ ਦੇ ਦੋਸ਼ ਸਨ ਪ੍ਰੰਤੂ ਇਸ ਮਾਮਲੇ ‘ਚ ED ਜਾਂ ਵਿਧਾਇਕ ਕੁਲਵੰਤ ਸਿੰਘ ਖ਼ੁਦ ਕੁਝ ਵੀ ਦੱਸਣ ਤੋਂ ਇਨਕਾਰੀ ਹਨ। ਜਾਣਕਾਰੀ ਇਹ ਵੀ ਹੈ ਕਿ ਈਡੀ ਦੀ ਟੀਮ ਵਿਧਾਇਕ ਕੁਲਵੰਤ ਸਿੰਘ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ ਤੇ ਉਹਨਾਂ ਨੂੰ ਦੁਬਾਰਾ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕ ਹਨ। ਉਹਨਾਂ ਨੇ ਚੋਣਾਂ ਲੜਨ ਮੌਕੇ ਆਪਣੇ ਹਲਫ਼ੀਆ ਬਿਆਨ ਵਿੱਚ ਆਪਣੀ ਸੰਪੱਤੀ 251 ਕਰੋੜ ਰੁਪਏ ਦੀ ਦੱਸੀ ਹੈ। ਕੁਲਵੰਤ ਸਿੰਘ ਪੰਜਾਬ ਦੇ ਵੱਡੇ ਰੀਅਲ ਅਸਟੇਟ ਕਾਰੋਬਾਰੀਆਂ ਵਿੱਚੋਂ ਹਨ ਜਿਨਾਂ ਦਾ ਚੰਡੀਗੜ੍ਹ ਤੋਂ ਇਲਾਵਾ ਦੂਜੇ ਰਾਜਿਆਂ ਵਿੱਚ ਵੀ ਰੀਅਲ ਅਸਟੇਟ ਦਾ ਕਾਰੋਬਾਰ ਹੈ। ਸੂਤਰਾਂ ਅਨੁਸਾਰ ਵਿਧਾਇਕ ਕੁਲਵੰਤ ਸਿੰਘ ਦਾ ਨਾਮ ਲੁਧਿਆਣਾ ਦੇ ਡਰੱਗ ਸਰਗਣਾ ਅਕਸ਼ੇ ਛਾਬੜਾ ਮਾਮਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਅਕਸ਼ੇ ਛਾਬੜਾ ਦੀ ਗ੍ਰਿਫਤਾਰੀ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਉਸਦੇ ਕੋਲੋਂ 34 ਕਿਲੋ ਤੋਂ ਵੱਧ ਹੈਰੋਇਨ, ਪੰਜ ਕਿਲੋ ਤੋਂ ਵੱਧ ਮਾਰਫਿਨ ਅਤੇ ਅਫੀਮ ਬਰਾਮਦ ਕੀਤੀ ਸੀ। ਅਕਸ਼ੇ ਛਾਬੜਾ ਵੱਲੋਂ ਚਲਾਏ ਜਾ ਰਹੇ ਡਰੱਗ ਰੈਕੇਟ ਦੀ ਡੂੰਘੀ ਪੜ੍ਹਤਾਲ ਦੌਰਾਨ ਵਿਧਾਇਕ ਕੁਲਵੰਤ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਈਡੀ ਦੀ ਟੀਮ ਨੇ ਉਹਨਾਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਸੀ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵੀ 31 ਅਕਤੂਬਰ 2023 ਨੂੰ ਕੁਲਵੰਤ ਸਿੰਘ ਦੇ ਘਰ ਈਡੀ ਦੀ ਟੀਮ ਨੇ ਰੇਡ ਕੀਤੀ ਸੀ, ਉਸ ਵੇਲੇ ਈਡੀ ਦੀ ਟੀਮ ਨੇ ਕਿਹਾ ਸੀ ਕਿ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ਸਬੰਧੀ ਰੇਡ ਕੀਤੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਦਾ ਨਾਮ ਸ਼ਰਾਬ ਦੇ ਵਪਾਰੀ ਦੀਪ ਮਲਹੋਤਰਾ ਦੀ ਦਿੱਲੀ ‘ਚ ਸ਼ਰਾਬ ਦੀ ਡੀਲ ‘ਚ ਮਦਦ ਕਰਨ ਸਬੰਧੀ ਵੀ ਬੋਲਦਾ ਹੈ। ਵਿਧਾਇਕ ਕੁਲਵੰਤ ਸਿੰਘ ਦੇ ਪ੍ਰਤੀ ਈਡੀ ਦੀ ਸਰਗਰਮੀ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦੇ ਸਭ ਤੋਂ ਅਮੀਰ ਵਿਧਾਇਕ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।