Skip to main content

Gee 98News

ਮਿਡ ਡੇ ਮੀਲ : ਪੂੜੀਆਂ ਦੀ ਖੁਸ਼ਬੋ ਤੇ ਕਿੰਨੂਆਂ ਦੀ ਮਿਠਾਸ…ਅਧਿਆਪਕਾਂ ਨੂੰ ਨਹੀਂ ਆ ਰਹੀ ਰਾਸ…!

ਚੰਡੀਗੜ੍ਹ, 21 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ‌ ਡੇ ਮੀਲ ਯੋਜਨਾ ਤਹਿਤ ਸਿਖਿਆ ਵਿਭਾਗ ਦੇ ਰੋਜ਼ ਆ ਰਹੇ ਨਵੇਂ ਹੁਕਮ ਅਧਿਆਪਕਾਂ ਲਈ ਮੁਸੀਬਤਾਂ ਖੜੀਆਂ ਕਰ ਰਹੇ ਹਨ। ‌ ਪੇਪਰਾਂ ਦੇ ਦਿਨਾਂ ਦੌਰਾਨ ਅਧਿਆਪਕ ਆਪਣਾ ਸਾਰਾ ਧਿਆਨ ਬੱਚਿਆਂ ਦੀ ਦੁਹਰਾਈ ਅਤੇ ਸਿਲੇਬਸ ਵੱਲ ਦੇਣਾ ਚਾਹੁੰਦੇ ਹਨ ਪ੍ਰੰਤੂ ਮਿਡ ਡੇ ਮੀਲ ਦੇ ਨਵੇਂ ਹੁਕਮ ਅਧਿਆਪਕਾਂ ਨੂੰ ਸਕੂਲ ਤੋਂ ਬਾਹਰ ਹੀ ਰੱਖ ਰਹੇ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਬਲਵੀਰ ਲੋਂਗੋਵਾਲ ਨੇ ਕਿਹਾ ਕਿ ਮਿਡ ਡੇ ਮੀਲ ਸਬੰਧੀ ਵਿਭਾਗ ਦੇ ਵੰਨ ਸੁਵੰਨੇ ਹੁਕਮ ਅਧਿਆਪਕਾਂ ਦੀ ਖੱਜਲ ਖ਼ੁਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵਿਭਾਗ ਨੇ ਹੁਕਮ ਚਾੜੇ ਸਨ ਕਿ ਬੱਚਿਆਂ ਨੂੰ ਹਫਤੇ ‘ਚ ਇੱਕ ਦਿਨ ਪੂੜੀਆਂ ਛੋਲੇ ਬਣਾ ਕੇ ਦਿੱਤੇ ਜਾਣ, ਪੂੜੀਆਂ ਬਣਾਉਣ ਲਈ ਮਿਡ ਡੇ ਮੀਲ ਵਰਕਰਾਂ ਦੇ ਨਾਲ ਅਧਿਆਪਕਾਂ ਨੂੰ ਵੀ ਸਹਿਯੋਗ ਕਰਨਾ ਪੈਂਦਾ ਹੈ ਜਿਸ ਨਾਲ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਹੁਣ ਵਿਭਾਗ ਨੇ ਹੁਕਮ ਚਾੜ੍ਹ ਦਿੱਤੇ ਹਨ ਕਿ ਬੱਚਿਆਂ ਨੂੰ ਹਫਤੇ ਵਿੱਚ ਇੱਕ ਦਿਨ ਕਿਨੂੰ ਦਿੱਤੇ ਜਾਣ। ਇਹਨਾਂ ਕਿੰਨੂਆਂ ਦੀ ਸਪਲਾਈ ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਰਾਹੀਂ ਕੀਤੀ ਜਾਣੀ ਹੈ। ਅਧਿਆਪਕ ਇੱਕ ਦਿਨ ਪਹਿਲਾਂ ਜਾ ਕੇ ਦਫ਼ਤਰੋਂ ਕਿਨੂੰ ਪ੍ਰਾਪਤ ਕਰਨਗੇ ਤੇ ਅਗਲੇ ਦਿਨ ਸਕੂਲ ਵਿੱਚ ਬੱਚਿਆਂ ਨੂੰ ਵੰਡਣਗੇ। ‌ ਅਧਿਆਪਕ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਬਿਨਾਂ ਸੋਚੇ ਸਮਝੇ ਅਧਿਆਪਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ‌ਆਗੂਆਂ ਨੇ ਕਿਹਾ ਕਿ ਹੁਣ ਜਦੋਂ ਪੇਪਰਾਂ ਦੇ ਦਿਨ ਚੱਲ ਰਹੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਦੀ ਦੁਹਰਾਈ ਕਰਵਾਈ ਜਾ ਰਹੀ ਹੈ, ਅਜਿਹੇ ਸਮੇਂ ਇੱਕ ਅਧਿਆਪਕ ਬਲਾਕ ਦਫਤਰਾਂ ਵਿੱਚੋਂ ਕਿਨੂੰ ਚੁੱਕਣ ‘ਤੇ ਲਗਾ ਦਿੱਤਾ ਗਿਆ ਹੈ। ਜਿਸ ਨਾਲ ਜਿੱਥੇ ਅਧਿਆਪਕਾਂ ਦੀ ਖੱਜਲ ਖ਼ੁਆਰੀ ਵਧੇਗੀ ਉਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋਵੇਗਾ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਮੌਸਮੀ ਫ਼ਲ ਸਕੂਲਾਂ ‘ਚ ਪਹੁੰਚਦਾ ਕੀਤਾ ਜਾਵੇ ਅਤੇ ਪੂੜੀਆਂ ਦੀ ਥਾਂ ‘ਤੇ ਪੌਸ਼ਟਿਕ ਭੋਜਨ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇ। ‌

error: Content is protected !!