Gee 98News

ਚੰਡੀਗੜ੍ਹ,2 ਮਾਰਚ, Gee98 news service
-ਧੋਖਾਧੜੀ ਦੇ ਇੱਕ ਵੱਡੇ ਮਾਮਲੇ ਵਿੱਚ ਇੱਕ ਸਾਬਕਾ ਨਾਇਬ ਤਹਿਸੀਲਦਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰ ਵੱਲੋਂ ਮਾਰੀ ਠੱਗੀ ਦੀ ਇਹ ਕਹਾਣੀ ਬੜੀ ਦਿਲਚਸਪ ਹੈ। ਖਰੜ ਦੇ ਬਾਜਵਾ ਡਿਵੈਲਪਰਜ਼ ਲਿਮਟਿਡ, ਨਾਂ ਦੀ ਕੰਪਨੀ ਦੇ ਐੱਮਡੀ ਜਰਨੈਲ ਸਿੰਘ ਬਾਜਵਾ ਨੇ ਉਸਦੀ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਦੇ ਦੋਸ਼ ‘ਚ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਧੂਤ ਖਿਲਾਫ਼ ਧਾਰਾ 420,406 ਤਹਿਤ ਮਾਮਲਾ ਦਰਜ ਕੀਤਾ ਹੈ। ਬਾਜਵਾ ਨੇ ਐਸਐਸਪੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਅਕਤੂਬਰ 2023 ਵਿਚ ਉਸ ਨੂੰ ਖਰੜ ਪੁਲਿਸ ਨੇ ਉਸ ਦੇ ਖਿਲਾਫ਼ ਦਰਜ ਇੱਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਸੀਆਈਏ ਸਟਾਫ਼ ਮੁਹਾਲੀ ਵਿਚ ਪੁਲਿਸ ਰਿਮਾਂਡ ਦੌਰਾਨ ਹਿਰਾਸਤ ਵਿਚ ਰੱਖਿਆ ਗਿਆ। ਵਰਿੰਦਰ ਸਿੰਘ ਧੂਤ ਜੋ ਕਿ ਪਹਿਲਾਂ ਨਾਇਬ ਤਹਿਸੀਲਦਾਰ ਵਜੋਂ ਤਾਇਨਾਤ ਸੀ, ਸੀ.ਆਈ.ਏ ਸਟਾਫ਼ ਵਿਚ ਉਨ੍ਹਾਂ ਨੂੰ ਮਿਲਣ ਆਇਆ। ਉਸ ਨੇ ਮਦਦ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਦਿੱਲੀ ਵਿਚ ਉਸ ਦੇ ਬਹੁਤ ਚੰਗੇ ਸਬੰਧ ਹਨ। ਉਸ ਨੂੰ ਇਨ੍ਹਾਂ ਸਾਰੇ ਮਾਮਲਿਆਂ ਤੋਂ ਰਾਹਤ ਦਵਾ ਦੇਵੇਗਾ। ਧੂਤ ਨੇ ਬਾਜਵਾ ਤੋਂ ਸੈਕਟਰ-8 ਵਿਚ 1.25 ਕਰੋੜ ਰੁਪਏ ਵਿਚ ਮਕਾਨ ਖਰੀਦਿਆ ਪਰ ਕੋਈ ਪੈਸਾ ਨਹੀਂ ਦਿੱਤਾ। ਬਾਜਵਾ ਮੁਤਾਬਕ ਧੂਤ ਨੇ ਚੋਣ ਫੰਡ ਦੇ ਨਾਂ ‘ਤੇ ਉਨ੍ਹਾਂ ਤੋਂ ਕੁੱਲ 1.68 ਕਰੋੜ ਰੁਪਏ ਦੀ ਮੰਗ ਕੀਤੀ ਸੀ। 1.04 ਕਰੋੜ ਰੁਪਏ ਨਕਦ ਲੈ ਲਏ, ਜਦਕਿ ਸੈਕਟਰ-125 ਸਥਿਤ ਐੱਸ.ਸੀ.ਓ. ਦੀ ਕੀਮਤ 64 ਲੱਖ ਰੁਪਏ ਆਪਣੇ ਇਕ ਜਾਣਕਾਰ ਦੇ ਨਾਂ ‘ਤੇ ਲੈ ਲਈ। ਇਸੇ ਤਰ੍ਹਾਂ ਓਲਡ ਸੰਨੀ ਐਨਕਲੇਵ ਸਥਿਤ ਬੂਥ ‘ਤੇ ਕਬਜ਼ਾ ਕੀਤਾ ਗਿਆ। ਇੱਕ 4 BHK ਅਪਾਰਟਮੈਂਟ ਵੀ ਉਸ ਦੇ ਨਾਮ ‘ਤੇ ਅਲਾਟ ਹੋਇਆ। ਇੱਕ ਪ੍ਰੋਜੈਕਟ ਵਿਚ ਉਸਦੇ ਨਾਮ ‘ਤੇ ਲਗਭਗ 1.5 ਕਰੋੜ ਰੁਪਏ ਦੀ ਕੀਮਤ ਦਾ 4 BHK ਅਪਾਰਟਮੈਂਟ ਮਿਲਿਆ। ਇਸ ਤਰ੍ਹਾਂ ਮੁਲਜ਼ਮਾਂ ਨੇ ਬਾਜਵਾ ਨਾਲ 3.50 ਕਰੋੜ ਰੁਪਏ ਦੀ ਠੱਗੀ ਮਾਰੀ ਅਤੇ ਬਾਅਦ ‘ਚ ਬਾਜਵਾ ਤੋਂ ਹਰ ਰੋਜ਼ 32 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਬਾਜਵਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹੜੱਪ ਲਈਆਂ ਪਰ ਚੋਣ ਫੰਡ ਦੇ ਨਾਂ ‘ਤੇ ਕਿਸੇ ਨੂੰ ਕੁਝ ਨਹੀਂ ਦਿੱਤਾ। ਇੱਕ ਸਾਜ਼ਿਸ਼ ਦੇ ਤਹਿਤ, ਦੋਸ਼ੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਸਦੀ ਜਾਇਦਾਦ ਹੜੱਪ ਲਈ। ਸ਼ਿਕਾਇਤ ਦੇ ਆਧਾਰ ‘ਤੇ ਧੂਤ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕੀਤਾ ਗਿਆ ਸੀ।

Leave a Reply

Your email address will not be published. Required fields are marked *

error: Content is protected !!