ਚੰਡੀਗੜ੍ਹ,27 ਮਾਰਚ, Gee98 news service
-ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ ਬੁੱਧਵਾਰ ਸਵੇਰੇ ਪੰਜਾਬ ਦੇ ਦੋ ਆਈਏਐਸ ਅਧਿਕਾਰੀਆਂ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਉੰਝ ਭਾਵੇਂ ਈਡੀ ਦੀ ਇਸ ਛਾਪੇਮਾਰੀ ਨੂੰ ਮੋਹਾਲੀ ਨੇੜੇ ਇੱਕ ਪ੍ਰੋਜੈਕਟ ਲਈ ਗਮਾਡਾ ਵੱਲੋਂ ਅਕਵਾਇਰ ਕੀਤੀ ਜ਼ਮੀਨ ਵਿੱਚ ਅਮਰੂਦਾਂ ਦੇ ਬਾਗ ਦੇ ਮੁਆਵਜ਼ੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪ੍ਰੰਤੂ ਈਡੀ ਦੀ ਇਸ ਕਾਰਵਾਈ ਨੇ ਪੰਜਾਬ ਸਰਕਾਰ ਦੇ ਮੱਥੇ ‘ਤੇ ਤਿਉੜੀਆਂ ਵੀ ਪਾ ਦਿੱਤੀਆਂ ਹਨ, ਕਿਉਂਕਿ ਈਡੀ ਦੇ ਰਡਾਰ ‘ਤੇ ਆਏ ਆਈਏਐਸ ਅਧਿਕਾਰੀ ਵਰੁਣ ਰੂਜ਼ਮ ਪੰਜਾਬ ਦੀ ਐਕਸਾਈਜ਼ ਪਾਲਿਸੀ ਨਾਲ ਵੀ ਜੁੜੇ ਹੋਏ ਹਨ। ਦਿੱਲੀ ਦੀ ਸ਼ਰਾਬ ਪਾਲਿਸੀ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦੀ ਗ੍ਰਿਫਤਾਰੀ ਦੀ ਵੱਡੀ ਕਾਰਵਾਈ ਤੋਂ ਬਾਅਦ ਪੰਜਾਬ ਦੀ ਐਕਸਾਈਜ਼ ਪਾਲਿਸੀ ਨਾਲ ਜੁੜੇ ਆਈਏਐਸ ਅਧਿਕਾਰੀ ਦੇ ਘਰ ਈਡੀ ਦੀ ਰੇਡ ਕੁਝ ਨਵੇਂ ਸੰਕੇਤ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਸ਼ਰਾਬ ਪਾਲਿਸੀ ਵੀ ਦਿੱਲੀ ਦੀ ਸ਼ਰਾਬ ਪਾਲਿਸੀ ਦੇ ਨਕਸ਼ੇ ਕਦਮਾਂ ‘ਤੇ ਹੀ ਹੈ ਇਸ ਲਈ ਜੇਕਰ ਪੰਜਾਬ ਦੀ ਸ਼ਰਾਬ ਪਾਲਿਸੀ ਈਡੀ ਦੇ ਰਡਾਰ ‘ਤੇ ਆ ਵੀ ਜਾਵੇ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਦੂਜੇ ਪਾਸੇ ਈਡੀ ਨੇ ਦੋ ਆਈਏਐਸ ਅਧਿਕਾਰੀਆਂ ਤੋਂ ਇਲਾਵਾ ਕੁਝ ਪ੍ਰਾਪਰਟੀ ਡੀਲਰਾਂ ਅਤੇ ਕਿਸਾਨਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਈਡੀ ਦੀ ਛਾਪੇਮਾਰੀ ਦੌਰਾਨ ਕੈਪਰੀਕੋਨ ਸਿਪਿੰਗ ਐਂਡ ਲੈਜਿਸਟਿਕਸ ਲਿਮਟਿਡ ਦੇ ਡਾਇਰੈਕਟਰਾਂ ਵਿਜੇ ਕੁਮਾਰ ਸ਼ੁਕਲਾ ਤੇ ਸੰਜੇ ਗੋਸਵਾਮੀ ਦੇ ਟਿਕਾਣਿਆਂ ਤੋਂ ਵਾਸ਼ਿੰਗ ਮਸ਼ੀਨ ਵਿੱਚੋਂ ਢਾਈ ਕਰੋੜ ਰੁਪਏ ਬਰਾਮਦ ਵੀ ਹੋਏ ਹਨ। ਬਹਰਹਾਲ ! ਭਾਵੇਂ ਕਿ ਈਡੀ ਦੀ ਛਾਪੇਮਾਰੀ ਤੋਂ ਬਾਅਦ ਹੁਣ ਤੱਕ ਦੀ ਚਰਚਾ ਅਨੁਸਾਰ ਇਸ ਛਾਪੇਮਾਰੀ ਨੂੰ ਅਮਰੂਦਾਂ ਦੇ ਬਾਗ ਘੁਟਾਲੇ ਦੇ ਮੁਆਵਜ਼ੇ ਨਾਲ ਜੋੜਿਆ ਜਾ ਰਿਹਾ ਪ੍ਰੰਤੂ ਪੰਜਾਬ ਦੀ ਐਕਸਾਈਜ਼ ਪਾਲਿਸੀ ਨਾਲ ਜੁੜੇ ਵੱਡੇ ਅਫਸਰ ਵਰੁਣ ਰੂਜ਼ਮ ਦੇ ਘਰ ਛਾਪੇਮਾਰੀ ਨੇ ਕੁਝ ਹੋਰ ਸਵਾਲ ਵੀ ਖੜੇ ਕੀਤੇ ਹਨ।









