-ਮਹਿਲ ਕਲਾਂ ਦੀ ਟਿਕਟ ਲੱਖਾਂ ਰੁਪਏ ’ਚ ਵਿਕੀ ਹੈ : ਡਾ. ਮੱਖਣ ਸਿੰਘ
ਬਰਨਾਲਾ, 06 ਸਤੰਬਰ (ਨਿਰਮਲ ਸਿੰਘ ਪੰਡੋਰੀ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਉੱਪਰ ਸੂਬਾ ਕਮੇਟੀ ਵਿੱਚ ਅਹੁਦੇਦਾਰਾਂ ਦੀਆਂ ਜਾਅਲੀ ਨਿਯੁਕਤੀਆਂ ਕਰਨ ਦੇ ਦੋਸ਼ ਲੱਗੇ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਬਸਪਾ ਦੇ ਹਲਕਾ ਮਹਿਲ ਕਲਾਂ ਦੇ ਸਾਬਕਾ ਇੰਚਾਰਜ ਕੁਲਵੰਤ ਸਿੰਘ ਟਿੱਬਾ ਅਤੇ ਸਾਬਕਾ ਸੂਬਾ ਆਗੂ ਡਾ. ਮੱਖਣ ਸਿੰਘ ਸੰਗਰੂਰ ਨੇ ਦੱਸਿਆ ਕਿ ਕੌਮੀ ਚੋਣ ਕਮਿਸ਼ਨ ਤੋਂ ਆਰਟੀਆਈ ਤਹਿਤ ਪਾਪਤ ਹੋਈ ਸੂਚਨਾ ਵਿੱਚ ਜਸਬੀਰ ਸਿੰਘ ਗੜੀ ਵੱਲੋਂ ਸੂਬਾ ਕਮੇਟੀ ’ਚ ਬਸਪਾ ਦੇ ਸੰਵਿਧਾਨ ਦੇ ਉਲਟ ਜਾਅਲੀ ਨਿਯੁਕਤੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀ ਚਿੱਠੀ ਦੇ ਜਵਾਬ ’ਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਵੱਲੋਂ ਦਿੱਤੀ ਸੂਚਨਾ ਅਨੁਸਾਰ ਪੰਜਾਬ ’ਚ ਪ੍ਰਧਾਨ ਸਮੇਤ 14 ਮੈਂਬਰੀ ਸਟੇਟ ਕਮੇਟੀ ਬਣੀ ਹੋਈ ਹੈ ਪ੍ਰੰਤੂ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਅਤੇ ਸੂਬਾ ਇੰਚਾਰਜ ਰਣਵੀਰ ਸਿੰਘ ਬੈਨੀਵਾਲ ਨੇ ਬਸਪਾ ਦੇ ਸੰਵਿਧਾਨ ਦੇ ਉਲਟ 45 ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਉਨਾਂ ਕਿਹਾ ਕਿ ਸੂਬਾ ਪ੍ਰਧਾਨ ਵੱਲੋਂ ਜਿੱਥੇ ਹਾਈਕਮਾਂਡ ਨੂੰ ਗੁੰਮਰਾਹ ਕੀਤਾ ਗਿਆ ਹੈ ਉੱਥੇ ਬਸਪਾ ਵਰਕਰਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਗਿਆ ਹੈ। ਉਨਾਂ ਦੋਸ਼ ਲਗਾਇਆ ਕਿ ਸੂਬਾ ਪ੍ਰਧਾਨ ਵੱਲੋਂ ਬਸਪਾ ਦੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ ਕਰਕੇ ਆਪਣੇ ਚਹੇਤਿਆਂ ਨੂੰ ਨਿਯਮਾਂ ਦੇ ਉਲਟ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆ ਹਨ। ਇਸ ਮੌਕੇ ਡਾ. ਮੱਖਣ ਸਿੰਘ ਸੰਗਰੂਰ ਨੇ ਦੋਸ਼ ਲਗਾਇਆ ਕਿ ਬਸਪਾ ਦੇ ਸੂਬਾ ਪ੍ਰਧਾਨ ਵੱਲੋਂ ਜਿੱਥੇ ਅਹੁਦੇਦਾਰੀਆਂ ਵੇਚੀਆਂ ਜਾ ਰਹੀਆ ਹਨ ਉੱਥੇ ਅਗਾਮੀ ਵਿਧਾਨ ਸਭਾ ਚੋਣਾਂ ਲਈ 25 ਤੋਂ 30 ਲੱਖ ਰੁਪਏ ਟਿਕਟਾਂ ਦਾ ਰੇਟ ਵੀ ਫਿਕਸ ਕੀਤਾ ਹੋਇਆ ਹੈ। ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਸਮਾਂ ਆਉਣ ’ਤੇ ਮਹਿਲ ਕਲਾਂ ਦੀ ਟਿਕਟ 30 ਲੱਖ ਰੁਪਏ ’ਚ ਵੇਚਣ ਸੰਬੰਧੀ ਤੱਥ ਵੀ ਬਸਪਾ ਵਰਕਰਾਂ ਤੇ ਹਲਕੇ ਦੇ ਲੋਕਾਂ ਸਾਹਮਣੇ ਰੱਖੇ ਜਾਣਗੇ।