Gee 98News

ਚੰਡੀਗੜ੍ਹ,22 ਮਈ, Gee98 news service
-ਇੱਕ ਨਾਬਾਲਿਗ ਲੜਕੀ ਦੇ ਅਗ਼ਵਾ ਮਾਮਲੇ ‘ਚ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਤਲਬ ਕੀਤੀ ਗਈ ਫਿਰੋਜ਼ਪੁਰ ਦੀ ਐੱਸਐੱਸਪੀ ਨੂੰ ਹੁਕਮ ਦੇ ਬਾਵਜੂਦ ਅਦਾਲਤ ‘ਚ ਹਾਜ਼ਰ ਨਾ ਹੋਣਾ ਭਾਰੀ ਪੈ ਗਿਆ। ਹਾਈ ਕੋਰਟ ਨੇ SSP ਖ਼ਿਲਾਫ਼ ਹੁਕਮ ਅਦੂਲੀ ਦਾ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਅਦਾਲਤ ਪ੍ਰਤੀ ਹੁਕਮ ਅਦੂਲੀ ਨਿਆਂ ਪ੍ਰਸ਼ਾਸਨ ਲਈ ਜ਼ੋਖ਼ਮ ਪੈਦਾ ਕਰ ਦੇਵੇਗਾ। ਹਾਈਕੋਰਟ ਨੇ ਇਸ ਮਾਮਲੇ ਵਿੱਚ ਐਸਐਸਪੀ ਨੂੰ ਬੁਲਾਇਆ ਸੀ ਪ੍ਰੰਤੂ ਜਦ ਐਸਪੀ ਡੀ ਰਣਧੀਰ ਕੁਮਾਰ ਐਸ ਐਸ ਪੀ ਦਾ ਹਲਫ਼ਨਾਮਾ ਲੈ ਕੇ ਪੇਸ਼ ਹੋਇਆ ਤਾਂ ਹਾਈਕੋਰਟ ਨੇ ਤੇਵਰ ਤਿੱਖੇ ਕਰ ਲਏ।
ਹਾਈ ਕੋਰਟ ’ਚ ਸੁਣਵਾਈ ਸ਼ੁਰੂ ਹੋਈ ਤਾਂ ਐੱਸਐੱਸਪੀ ਦਾ ਹਲਫ਼ਨਾਮਾ ਲੈ ਕੇ ਐੱਸਪੀ (ਡੀ) ਰਣਧੀਰ ਕੁਮਾਰ ਨੂੰ ਹਾਈ ਕੋਰਟ ਨੇ ਐੱਸਐੱਸਪੀ ਦੀ ਗ਼ੈਰ ਮੌਜੂਦਗੀ ਦਾ ਕਾਰਨ ਪੁੱਛਿਆ ਤਾਂ ਦੱਸਿਆ ਗਿਆ ਕਿ 4 ਮਈ ਨੂੰ ਬੇਅਦਬੀ ਤੋਂ ਬਾਅਦ ਹੋਈ ਹਿੰਸਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸ ਵਿਅਕਤੀ ਦਾ ਭੋਗ ਹੈ ਤੇ ਇਸ ’ਚ ਕਾਨੂੰਨ ਵਿਵਸਥਾ ਲਈ ਖ਼ਤਰਾ ਦੇਖਦੇ ਹੋਏ ਉਹ ਫਿਰੋਜ਼ਪੁਰ ’ਚ ਹੀ ਰੁਕ ਗਈ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਦਲੀਲ ਕਿਸੇ ਕੰਮ ਦੀ ਨਹੀਂ ਹੈ। ਫਿਰੋਜ਼ਪੁਰ ’ਚ ਇਕ ਐੱਸਪੀ ਰੈਂਕ ਦਾ ਅਧਿਕਾਰੀ ਸੀ, ਜਿਸ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੌਂਪ ਕੇ ਐੱਸਐੱਸਪੀ ਹਾਈ ਕੋਰਟ ਆ ਸਕਦੀ ਸੀ। ਇਸ ਮਾਮਲੇ ’ਚ ਅਦਾਲਤ ਦੇ ਆਦੇਸ਼ ਦੀ ਜਾਣਬੁੱਝ ਕੇ ਅਣਦੇਖੀ ਕੀਤੀ ਗਈ ਹੈ ਤੇ ਇਕ ਆਈਪੀਐੱਸ ਪੱਧਰ ਦੇ ਅਧਿਕਾਰੀ ਤੋਂ ਇਸਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਈਕੋਰਟ ਨੇ ਕਿਹਾ ਕਿ ਐੱਸਐੱਸਪੀ ਸੌਮਿਆ ਮਿਸ਼ਰਾ ਨੂੰ ਅਗਲੀ ਸੁਣਵਾਈ ’ਤੇ ਦੱਸਣਾ ਹੋਵੇਗਾ ਕਿ ਉਨ੍ਹਾਂ ਖ਼ਿਲਾਫ਼ ਅਦਾਲਤ ਦੀ ਹੁਕਮ ਅਦੂਲੀ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਹਾਈਕੋਰਟ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਅਦਾਲਤ ਦੀ ਹੁਕਮ ਅਦੂਲੀ ਹੋਵੇਗੀ ਤਾਂ ਨਿਆਂ ਪ੍ਰਸ਼ਾਸਨ ਲਈ ਗੰਭੀਰ ਖ਼ਤਰਾ ਪੈਦਾ ਹੋ ਜਾਵੇਗਾ। ਇਨ੍ਹਾਂ ਟਿੱਪਣੀਆਂ ਨਾਲ ਹੀ ਹਾਈਕੋਰਟ ਨੇ ਅਗਲੀ ਸੁਣਵਾਈ ’ਤੇ ਐੱਸਐੱਸਪੀ ਨੂੰ ਖ਼ੁਦ ਹਾਜ਼ਰ ਹੋ ਕੇ ਇਹ ਦੱਸਣ ਦਾ ਆਦੇਸ਼ ਦਿੱਤਾ ਹੈ ਕਿ ਉਨ੍ਹਾਂ ਖ਼ਿਲਾਫ਼ ਅਦਾਲਤ ਦੀ ਹੁਕਮ ਅਦੂਲੀ ਤਹਿਤ ਕਾਰਵਾਈ ਕਿਉਂ ਨਾ ਕੀਤੀ ਜਾਵੇ। ਹਾਈਕੋਰਟ ਨੇ ਉਚਿਤ ਕਾਰਵਾਈ ਲਈ ਆਦੇਸ਼ ਦੀ ਕਾਪੀ ਗ੍ਰਹਿ ਸਕੱਤਰ ਤੇ ਡੀਜੀਪੀ ਨੂੰ ਭੇਜਣ ਦਾ ਹੁਕਮ ਵੀ ਦਿੱਤਾ ਹੈ।

Leave a Reply

Your email address will not be published. Required fields are marked *

error: Content is protected !!