Gee 98News

ਚੋਰ ਦਾ ਪੱਖ ਪੂਰਨ ਵਾਲੀ ਐਸਐਚਓ ਨੂੰ ਐਸਐਸਪੀ ਨੇ ਮੁਅੱਤਲ ਕਰਕੇ ਕੀਤਾ ਲਾਈਨ ਹਾਜ਼ਰ

ਚੰਡੀਗੜ੍ਹ,17 ਜੂਨ, Gee98 news service
-ਜਨਵਰੀ 2024 ‘ਚ ਮੋਬਾਈਲਾਂ ਦੀ ਦੁਕਾਨ ‘ਤੇ ਹੋਈ ਚੋਰੀ ਦੇ ਸਾਰੇ ਸਬੂਤ ਮਿਲਣ ਦੇ ਬਾਵਜੂਦ ਵੀ ਚੋਰ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਵਾਲੀ ਐਸ ਐਚ ਓ ਨੂੰ ਐਸਐਸਪੀ ਨੇ ਮੁਅੱਤਲ ਕਰ ਦਿੱਤਾ ਹੈ। ਤਰਨਤਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਥਾਣਾ ਹਰੀਕੇ ਦੀ ਇੰਚਾਰਜ ਸ਼ਿਮਲਾ ਰਾਣੀ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਮਾਮਲੇ ਦੇ ਵੇਰਵੇ ਅਨੁਸਾਰ ਹਰੀਕੇ ਵਾਸੀ ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਉਸ ਦੀ ਹਰੀਕੇ ਵਿੱਚ ਇਲੈਕਟ੍ਰੋਨਿਕ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ 27 ਜਨਵਰੀ ਦੀ ਰਾਤ ਨੂੰ ਚੋਰ ਉਸ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਦੁਕਾਨ ਵਿਚ ਰੱਖੇ 30 ਦੇ ਕਰੀਬ ਮੋਬਾਈਲ ਚੋਰੀ ਕਰ ਕੇ ਲੈ ਗਏ | ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੀੜਤ ਅਨੁਸਾਰ ਉਸ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਹਰੀਕੇ ਦੀ ਇੰਚਾਰਜ ਸ਼ਿਮਲਾ ਰਾਣੀ ਨੂੰ ਦਿੱਤੀ। ਸ਼ਿਮਲਾ ਰਾਣੀ ਇਹ ਕਹਿ ਕੇ ਮਾਮਲਾ ਟਾਲਦੀ ਰਹੀ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਖੁਦ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਚੋਰ ਦੀ ਪਛਾਣ ਕਰਨ ਲਈ ਆਸ-ਪਾਸ ਦੇ ਪਿੰਡਾਂ ਦੇ ਸੀਸੀਟੀਵੀ ਵਿੱਚ ਕੈਦ ਹੋਈ ਚੋਰ ਦੀ ਫੋਟੋ ਦਿਖਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਚੋਰੀ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਨੇੜਲੇ ਪਿੰਡ ਮਰਹਾਣਾ ਦਾ ਵਸਨੀਕ ਹੈ। ਇਸ ਸਬੰਧੀ ਉਨ੍ਹਾਂ ਐਸਐਚਓ ਸ਼ਿਮਲਾ ਰਾਣੀ ਨੂੰ ਵੀ ਸੂਚਿਤ ਕੀਤਾ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਕੁਝ ਦਿਨਾਂ ਬਾਅਦ ਜਦੋਂ ਉਹ ਦੁਬਾਰਾ ਥਾਣੇ ਗਿਆ ਤਾਂ ਸ਼ਿਮਲਾ ਰਾਣੀ ਨੇ ਉਸ ਨੂੰ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਥਾਣੇ ਬੁਲਾਇਆ ਹੈ, ਤੁਹਾਡੀ ਬਿਠਾ ਕੇ ਗੱਲਬਾਤ ਕਰਵਾਉਂਦੇ ਹਾਂ। ਇਸ ਤੋਂ ਬਾਅਦ ਪੀੜਿਤ ਸਾਹਿਬ ਸਿੰਘ ਨੇ ਐਸਐਸਪੀ ਅਸ਼ਵਨੀ ਕਪੂਰ ਨੂੰ ਮਿਲ ਕੇ ਸਾਰੀ ਘਟਨਾ ਦੱਸੀ। ਜਿਸ ਤੋਂ ਬਾਅਦ ਐਸਐਸਪੀ ਨੇ ਚੋਰੀ ਦੇ ਇਸ ਮਾਮਲੇ ਵਿੱਚ ਐਸ ਐਚ ਓ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ।

error: Content is protected !!