ਬਰਨਾਲਾ,23 ਜੂਨ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉਗੋਕੇ ਵਿਖੇ ਆਰਥਿਕ ਤੌਰ ‘ਤੇ ਬੇਹੱਦ ਕਮਜ਼ੋਰ ਇੱਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਛੱਪੜ ਵਿੱਚ ਡੁੱਬਣ ਨਾਲ ਮੌਤ ਦੀ ਦੁਖਦਾਈ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ (19) ਸਾਲ ਪੁੱਤਰ ਭੋਲਾ ਸਿੰਘ ਸ਼ਨੀਵਾਰ ਮੂੰਹ ਹਨੇਰੇ ਜਿਹੇ ਕੰਮ ਤੋਂ ਵਾਪਸ ਘਰ ਆਇਆ ਪ੍ਰੰਤੂ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਘਰ ਦੇ ਬਿਲਕੁਲ ਸਾਹਮਣੇ ਬਣੇ ਛੱਪੜ ਵਿੱਚ ਕਿਸੇ ਤਰ੍ਹਾਂ ਡਿੱਗ ਪਿਆ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਜਦ ਘਰ ਵਾਲਿਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਛੱਪੜ ਦੇ ਕਿਨਾਰੇ ਉਸ ਦਾ ਮੋਬਾਈਲ ਡਿਗਿਆ ਹੋਇਆ ਮਿਲਿਆ ਜਿਸ ਤੋਂ ਬਾਅਦ ਛੱਪੜ ਵਿੱਚੋਂ ਉਸ ਦੇ ਲਾਸ਼ ਮਿਲੀ। ਪਿੰਡ ਉੱਗੋਕੇ ਦੇ ਵਸਨੀਕ ਸਮਾਜ ਸੇਵੀ ਬਿੰਦਰ ਸਿੰਘ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਨੇ ਫੌਜ ਦੀ ਭਰਤੀ ਦਾ ਪੇਪਰ ਪਾਸ ਕਰ ਲਿਆ ਸੀ ਅਤੇ ਹੁਣ ਉਸ ਨੇ ਟਰਾਇਲ ਦੇਣ ਜਾਣਾ ਸੀ। ਉਹਨਾਂ ਦੱਸਿਆ ਕਿ ਭੋਲਾ ਸਿੰਘ ਦਾ ਪਰਿਵਾਰ ਬੇਹੱਦ ਗਰੀਬੀ ਦੀ ਅਵਸਥਾ ਵਿੱਚ ਰਹਿ ਰਿਹਾ ਹੈ ਅਤੇ ਹੁਣ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰ ਆਰਥਿਕਤਾ ਦੀਆਂ ਘੁੰਮਣ ਘੇਰੀਆਂ ਵਿੱਚ ਫਸ ਗਿਆ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਕਿ ਘਰਾਂ ਦੇ ਬਿਲਕੁਲ ਨੇੜੇ ਬਣੇ ਇਸ ਡੂੰਘੇ ਛੱਪੜ ਦੇ ਆਲੇ ਦੁਆਲੇ ਤਾਰ ਲਗਾਈ ਜਾਵੇ ਜਾਂ ਕੰਧ ਕੱਢੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਕੋਈ ਦੁਖਦਾਇਕ ਘਟਨਾ ਨਾ ਵਾਪਰੇ।
ਫੋਟੋ ਕੈਪਸ਼ਨ-ਸੁਖਪ੍ਰੀਤ ਸਿੰਘ ਦੀ ਫਾਈਲ ਫੋਟੋ