Gee 98News

ਰਾਮ ਰਾਜਿਆ ਕਾਲੋਨੀ ਦੀ ਘਟਨਾ ਦਾ ਕੀ ਹੈ ਸੱਚ..! ਚਿਖ਼ਾ ਵਿੱਚ ਹੀ ਸੜ ਜਾਣਗੇ ਪਹਾੜ ਜਿੱਡੇ ਸਵਾਲਾਂ ਦੇ ਜਵਾਬ..।

-ਉਹ ਬਹੁਤ ਨਿਮਰ ਸੁਭਾਅ ਦਾ ਮਾਲਕ ਸੀ ਅਤੇ ਮਿਲਣਸਾਰ ਸੀ। ਉਸ ਨੂੰ ਪਰਮਾਤਮਾ ਨੇ ਅਮੀਰੀ ਵੀ ਰੱਜ ਕੇ ਦਿੱਤੀ ਸੀ ਪਰ ਕਦੇ ਉਸਨੇ ਆਪਣੀ ਅਮੀਰੀ ਦਾ ਗ਼ੁਮਾਨ ਨਹੀਂ ਕੀਤਾ ਸੀ। ਉਹ ਆਪਣੇ ਮਿੱਤਰਾਂ ਦੀ ਮਹਿਫਲ ਦਾ ਹਰਮਨ ਪਿਆਰਾ ਮੈਂਬਰ ਸੀ। ਸ਼ਨੀਵਾਰ ਸ਼ਾਮ 7 ਕੁ ਵਜੇ ਬਰਨਾਲਾ ਸੰਘੇੜਾ ਬਾਈਪਾਸ ‘ਤੇ ਰਾਮ ਰਾਜਿਆ ਦੀ ਕਲੋਨੀ ਨੰਬਰ 353 ‘ਚ ਰਹਿਣ ਵਾਲੇ ਕੁਲਬੀਰ ਸਿੰਘ ਮਾਨ ਵੱਲੋਂ ਆਪਣੀ ਮਾਂ, ਬੇਟੀ, ਪਾਲਤੂ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਤੋਂ ਬਾਅਦ ਜਦ ਖੁਦ ਆਤਮ ਹੱਤਿਆ ਕਰਨ ਦੀ ਖ਼ਬਰ ਉਹਦੇ ਮਿੱਤਰਾਂ ਤੱਕ ਪੁੱਜੀ ਤਾਂ ਮਿੱਤਰਾਂ ਦੇ ਸਿਰ ‘ਤੇ ਅਸਮਾਨ ਡਿੱਗ ਪਿਆ। ਕੁਲਬੀਰ ਵੱਲੋਂ ਐਨੀ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਦ ਉਹਦੇ ਮਿੱਤਰ ਘਰ ਪੁੱਜੇ ਤਾਂ ਸਾਰਾ ਕੁਝ ਅੱਖੀ ਦੇਖ ਕੇ ਵੀ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਹ ਐਨਾ ਹਰਮਨ ਪਿਆਰਾ ਮਿੱਤਰ ਸੀ ਕਿ ਰਾਤ ਉਹਦੇ ਮਿੱਤਰਾਂ ਦੀ ਮੰਡਲੀ ਦੇ ਕਿਸੇ ਮੈਂਬਰ ਦੇ ਗਲੇ ‘ਚੋਂ ਬੁਰਕੀ ਹੇਠਾਂ ਨਹੀਂ ਲੰਘੀ। ਬਰਨਾਲਾ ਦੀ ਰਾਮਰਾਜਿਆ ਕਲੋਨੀ ਦੀ ਇਸ ਵੱਡੀ ਘਟਨਾ ਤੋਂ ਬਾਅਦ ਹਰ ਇੱਕ ਦੇ ਜ਼ਹਿਨ ਵਿੱਚ ਇਹੋ ਸਵਾਲ ਹੈ ਕਿ ਕੋਈ ਆਪਣੀ ਫੁੱਲਾਂ ਵਰਗੀ ਧੀ ਨੂੰ ਕਿਵੇਂ ਗੋਲੀ ਮਾਰ ਸਕਦਾ ਹੈ। ‌ ਕੋਈ ਆਪਣੀ ਮਾਂ ਨੂੰ ਕਿਵੇਂ ਮੌਤ ਦੀ ਨੀਂਦ ਸੁਲਾ ਸਕਦਾ ਹੈ।

ਘਟਨਾ ਨੂੰ ਅੰਜਾਮ ਦੇਣ ਸਮੇਂ ਕੁਲਬੀਰ ਦੇ ਦਿਮਾਗ ਵਿੱਚ ਗੁੱਸੇ ਦੇ ਲੈਵਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਉਸਨੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ। ਜਿਹੜਾ ਅਸਲਾ ਉਸਨੇ ਆਪਣੀ ਰੱਖਿਆ ਲਈ ਲਿਆ ਹੋਇਆ ਸੀ ਉਸ ਅਸਲੇ ਨੇ ਹੀ ਉਸਨੂੰ ਕਾਤਲ ਬਣਾ ਦਿੱਤਾ। ਘਟਨਾ ਸਮੇਂ ਕੁਲਬੀਰ ਦੀ ਪਤਨੀ ਦੁੱਧ ਲੈਣ ਘਰ ਤੋਂ ਬਾਹਰ ਗਈ ਹੋਈ ਸੀ। ਜਦ ਉਹ ਦੁੱਧ ਨਾਲ ਭਰਿਆ ਭਾਂਡਾ ਲੈ ਕੇ ਘਰ ਆਈ ਤਾਂ ਅੱਗੇ ਘਰ ਖੂਨ ਨਾਲ ਭਰਿਆ ਪਿਆ ਸੀ। ਪਲਾਂ ਵਿੱਚ ਹੀ ਕੁਲਬੀਰ ਦੀ ਪਤਨੀ ਦੇ ਹੱਥ ਫੜੇ ਦੁੱਧ ਦਾ ਰੰਗ ਲਾਲ ਹੋ ਗਿਆ। ਭਾਵੇਂ ਕਿ ਪੁਲਿਸ ਨੇ ਆਪਣਾ ਪੱਖ ਦੇ ਦਿੱਤਾ ਕਿ ਕੁਲਬੀਰ ਮਾਨਸਿਕ ਪਰੇਸ਼ਾਨੀ ਦਾ ਮਰੀਜ਼ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਇਹ ਵੀ ਦੱਸਿਆ ਗਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਆਪਰੇਸ਼ਨ ਹੋਇਆ ਸੀ। ਕੁਲਬੀਰ ਦੀ ਮਾਨਸਿਕ ਪਰੇਸ਼ਾਨੀ ਅਤੇ ਉਸ ਦੇ ਇਕੱਲੇਪਣ ਦੀ ਗੱਲ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ ਕਿਉਂਕਿ ਉਸਦੇ ਮਿੱਤਰਾਂ ਦੀ ਦੁਨੀਆਂ ਵਿੱਚ ਕੁਝ ਅਜਿਹੇ ਮਿੱਤਰ ਵੀ ਹਨ ਜਿਹੜੇ ਖੂਹ ਵਿੱਚ ਡੁੱਬਦੇ ਬੰਦੇ ਨੂੰ ਵੀ ਬਾਹਰ ਕੱਢ ਸਕਦੇ ਹਨ, ਫਿਰ ਕੁਲਬੀਰ ਕੋਲ ਤਾਂ ਖੁਦ ਕਿਸੇ ਚੀਜ਼ ਦਾ ਘਾਟਾ ਨਹੀਂ ਸੀ। ਬਰਨਾਲੇ ‘ਚ ਹਰ ਵਿਕਣ ਵਾਲੀ ਚੀਜ਼ ਖਰੀਦਣ ਦੀ ਉਸ ਕੋਲ ਸਮਰੱਥਾ ਸੀ। ਪੁਲਿਸ ਨੇ ਉਸ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕਰ ਦਿੱਤੀ ਹੈ। ‌ ਰਾਮ ਰਾਜਿਆ ਕਲੋਨੀ ਦੀ ਇਹ ਵੱਡੀ ਘਟਨਾ ਪਹਾੜ ਜਿੱਡੇ ਸਵਾਲ ਛੱਡ ਗਈ ਹੈ, ਇਹਨਾਂ ਸਵਾਲਾਂ ਦੇ ਜਵਾਬ ਕੁਲਬੀਰ, ਉਸਦੀ ਮਾਂ ਅਤੇ ਉਸਦੀ ਬੇਟੀ ਦੀ ਚਿਖ਼ਾ ਵਿੱਚ ਹੀ ਸੜ ਜਾਣਗੇ।

Gee98 Ads
error: Content is protected !!