Gee 98News

ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ…ਪ੍ਰਮੁੱਖ ਟੈਲੀਕਾਮ ਕੰਪਨੀਆਂ ਦਾ ਕਰਾਰਾ ਝਟਕਾ

ਚੰਡੀਗੜ੍ਹ,30 ਜੂਨ, Gee98 news service
-ਦੇਸ਼ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਅਤੇ ਨਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੀ ਪ੍ਰਮੁੱਖ ਟੈਲੀਕਮ ਕੰਪਨੀਆਂ ਨੇ ਹੈਰਾਨੀਜਨਕ ਫੈਸਲਾ ਕੀਤਾ ਹੈ। ‌ ਕਰੋੜਾਂ ਉਪਭੋਗਤਾਵਾਂ ਵਾਲੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਨੇ ਆਪਣੇ ਰੀਚਾਰਜ ਰੇਟਾਂ ਵਿੱਚ ਮਹੀਨੇ ਤੋਂ ਲੈ ਕੇ ਸਲਾਨਾ ਤੱਕ ਦੇ ਇੰਚਾਰਜ ਰੇਟਾਂ ਵਿੱਚ ਵੱਡਾ ਵਾਧਾ ਕਰ ਦਿੱਤਾ। ‌ ਸਭ ਤੋਂ ਪਹਿਲਾਂ ਜੀਓ ਰਿਲਾਇੰਸ ਨੇ ਲਗਭਗ 22 ਫੀਸਦੀ ਤੱਕ ਆਪਣੇ ਰੀਚਾਰਜ ਰੇਟਾਂ ਵਿੱਚ ਵਾਧਾ ਕਰਕੇ ਉਪਭੋਗਤਾਵਾਂ ਨੂੰ ਕਰਾਰਾ ਝਟਕਾ ਦਿੱਤਾ। ਉਸ ਤੋਂ ਬਾਅਦ ਏਅਰਟੈਲ ਭਾਰਤੀ ਨੇ ਵੀ 10 ਤੋਂ 12 ਫੀਸਦੀ ਤੱਕ ਵਾਧਾ ਕੀਤਾ ਅਤੇ ਫਿਰ ਵੋਡਾਫੋਨ ਆਈਡੀਆ ਨੇ ਵੀ ਲਗਭਗ 20 ਫੀਸਦੀ ਤੱਕ ਰੀਚਾਰਜ ਰੇਟਾਂ ਵਿੱਚ ਵਾਧਾ ਕਰਕੇ ਆਪਣੇ ਉਪਭੋਗਤਾਵਾਂ ਦੀਆਂ ਜੇਬਾਂ ਢਿੱਲੀਆਂ ਕੀਤੀਆਂ। ਜੀਓ ਅਤੇ ਏਅਰਟੈਲ ਵੱਲੋਂ ਕੀਤਾ ਵਾਧਾ 3 ਜੁਲਾਈ ਤੋਂ ਲਾਗੂ ਹੋਵੇਗਾ ਤੇ ਵੋਡਾਫੋਨ ਆਈਡੀਆ ਵੱਲੋਂ ਰੀਚਾਰਜ ਰੇਟਾਂ ਵਿੱਚ ਕੀਤਾ ਵਾਧਾ 4 ਜੁਲਾਈ ਤੋਂ ਲਾਗੂ ਹੋ ਜਾਵੇਗਾ। ‌ ਤਾਏ ਦੀ ਧੀ ਚੱਲੀ ਕਹਾਵਤ ਵਾਂਗ ਇੱਕ ਤੋਂ ਬਾਅਦ ਇੱਕ ਪ੍ਰਮੁੱਖ ਕੰਪਨੀਆਂ ਵੱਲੋਂ ਉਪਭੋਗਤਾਵਾਂ ਨੂੰ ਦਿੱਤਾ ਵਿੱਤੀ ਝਟਕਾ ਯਕੀਨਨ ਮਹੀਨਾਵਾਰ ਬਜਟ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਹਰੇਕ ਪਰਿਵਾਰ ਵਿੱਚ ਔਸਤਨ ਤਿੰਨ ਤੋਂ ਚਾਰ ਮੋਬਾਈਲ ਹਨ। ‌ਅਜੋਕੇ ਦੌਰ ਵਿੱਚ ਮੋਬਾਇਲ ਹਰ ਇੱਕ ਦੀ ਜ਼ਿੰਦਗੀ ਦਾ ਅਹਿਮ ਅਤੇ ਅਟੁੱਟ ਹਿੱਸਾ ਬਣ ਚੁੱਕਿਆ ਹੈ। ਕੰਪਨੀਆਂ ਵੱਲੋਂ ਦਿੱਤਾ ਇਹ ਇੱਕ ਅਜਿਹਾ ਲੌਲੀਪੌਪ ਹੈ ਜੋ ਮਹਿੰਗਾ ਹੋਣ ਦੇ ਬਾਵਜੂਦ ਵੀ ਲੋਕ ਚੂਸਣ ਲਈ ਮਜ਼ਬੂਰ ਹਨ। ਟੈਲੀਕਾਮ ਕੰਪਨੀਆਂ ਭਾਵੇਂ ਇਸ ਲੌਲੀਪੌਪ ਵਿੱਚ ਜਿੰਨੀ ਮਰਜ਼ੀ ਕੁੜੱਤਣ ਦੇਣ ਪ੍ਰੰਤੂ ਲੋਕ ਫਿਰ ਵੀ ਇਸ ਮਿਠਾਸ ਦੇ ਪ੍ਰਭਾਵ ਤੋਂ ਬਾਹਰ ਨਹੀਂ ਨਿਕਲ ਸਕਦੇ। ‌ ਹੈਰਾਨੀ ਇਸ ਗੱਲ ਦੀ ਹੈ ਕਿ ਵੱਡਾ ਵਾਧਾ ਕਰਨ ਦੇ ਬਾਵਜੂਦ ਵੀ ਦੇਸ਼ ਦੇ ਕਿਸੇ ਕੋਨੇ ਵਿੱਚ ਵੀ ਟੈਲੀਕਾਮ ਕੰਪਨੀਆਂ ਦੇ ਫੈਸਲੇ ‘ਤੇ ਕਿੰਤੂ ਪ੍ਰੰਤੂ ਨਹੀਂ ਕੀਤਾ।

error: Content is protected !!