Gee 98News

ਸ਼ਲਾਘਾਯੋਗ ਉਪਰਾਲਾ : ਮਰਹੂਮ ਬੇਟੀ ਦੀ ਯਾਦ ਵਿੱਚ ਲਗਾਏ ਪੌਦੇ…..ਹੁਣ ਤੱਕ ਲਗਾ ਚੁੱਕੇ ਹਨ ਹਜ਼ਾਰਾਂ ਪੌਦੇ

ਬਰਨਾਲਾ, 2 ਜੁਲਾਈ ( ਨਿਰਮਲ ਸਿੰਘ ਪੰਡੋਰੀ)- ਵਾਤਾਵਰਨ ਦੀ ਸ਼ੁੱਧਤਾ ਵਿੱਚ ਅਹਿਮ ਯੋਗਦਾਨ ਪਾਉਂਦੇ ਹੋਏ ਪਿੰਡ ਰਾਏਸਰ ਦੇ ਵਾਤਾਵਰਣ ਪ੍ਰੇਮੀ ਰਜਿੰਦਰ ਕੁਮਾਰ ਸ਼ਰਮਾ ਨੇ ਆਪਣੀ ਮਰਹੂਮ ਬੇਟੀ ਦੇ ਜਨਮਦਿਨ ‘ਤੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ। ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਵਿਛੜ ਚੁੱਕੀ ਆਪਣੀ ਬੇਟੀ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਉਸਦੇ ਜਨਮਦਿਨ 2 ਜੁਲਾਈ ਤੇ ਹਰ ਸਾਲ ਰਾਏਸਰ ਦੇ ਸ਼ਰਮਾ ਪਰਿਵਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਜਾਂਦੇ ਹਨ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਂਦੀ ਹੈ। ‌ ਇਸ ਸਬੰਧੀ ਗੱਲਬਾਤ ਕਰਦੇ ਹੋਏ ਵਾਤਾਵਰਣ ਪ੍ਰੇਮੀ ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਦੀ ਉਹ ਆਪਣੀ ਮਰਹੂਮ ਬੇਟੀ ਦੀ ਯਾਦ ਵਿੱਚ ਦੋ ਤੋਂ ਤਿੰਨ ਹਜ਼ਾਰ ਦੇ ਕਰੀਬ ਪੌਦੇ ਲਗਾਉਣਗੇ। ਉਹਨਾਂ ਦੱਸਿਆ ਕਿ ਇਹ ਪੌਦੇ ਖਾਲੀ ਥਾਵਾਂ ‘ਤੇ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਯੋਗ ਥਾਵਾਂ ‘ਤੇ ਲਗਾਏ ਜਾਣਗੇ। ਸ਼ਰਮਾ ਪਰਿਵਾਰ ਦੇ ਇਸ ਵਡਮੁੱਲੇ ਕਾਰਜ ਵਿੱਚ ਬਰਨਾਲਾ ਦੇ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ। ‌ਇਸ ਵਾਰ ਵੀ ਵਣ ਰੇਂਜ ਅਫਸਰ ਬਰਨਾਲਾ ਅਜੀਤ ਸਿੰਘ,,ਗੁਰਮੇਲ ਸਿੰਘ ਬਲਾਕ ਅਫਸਰ ਅਤੇ ਗੁਰਮੀਤ ਸਿੰਘ ਵਣ ਗਾਰਡ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ ਹੈ। ਵਾਤਾਵਰਣ ਪ੍ਰੇਮੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਸੜਕਾਂ ਕਿਨਾਰੇ ਪਹਿਲਾਂ ਲਗਾਏ ਹੋਏ ਪੌਦੇ ਹੁਣ ਪੂਰੇ ਰੁੱਖ ਬਣ ਚੁੱਕੇ ਹਨ , ਜੋ ਰਾਹਗੀਰਾਂ ਨੂੰ ਠੰਢੀ ਛਾਂ ਤਾਂ ਦੇ ਹੀ ਰਹੇ ਹਨ ,ਓਥੇ ਹੀ ਸੈਂਕੜੇ ਪੰਛੀਆਂ ਦੇ ਰੈਣ ਬਸੇਰੇ ਬਣੇ ਹੋਏ ਹਨ ਅਤੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਖੁਸ਼ੀ- ਗਮੀਂ ਦੇ ਮੌਕੇ ਜਿਵੇਂ ਕਿ ਜਨਮ ਦਿਨ,ਵਿਆਹ,,ਵਿਆਹ ਦੀਆਂ ਵਰੇਗੰਢਾਂ ਤੋਂ ਇਲਾਵਾ ਪਰਿਵਾਰ ਦੇ ਵਿਛੜ ਚੁੱਕੇ ਮੈਂਬਰਾਂ ਦੀ ਯਾਦ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਜੋ ਵੱਡੇ ਹੋ ਕੇ ਸਾਡੇ ਵਿਛੜ ਚੁੱਕੇ ਪਰਿਵਾਰਕ ਮੈਂਬਰਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹਨ ।

error: Content is protected !!