ਚੰਡੀਗੜ੍ਹ 5 ਜੁਲਾਈ, Gee98 news service
-ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ਦੇ ਹੀ ਕੁਝ ਅਧਿਆਪਕਾਂ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖੋਰਾ ਕਲਾਂ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਧਰਮਵੀਰ ਸੈਣੀ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਜਿਸ ਵਿੱਚ ਉਸਨੇ ਸਕੂਲ ਦੇ ਹੀ ਕੁਝ ਅਧਿਆਪਕਾਂ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਨੇ ਅਧਿਆਪਕਾਂ ਨੂੰ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਨ ਲਈ ਕਿਹਾ ਜਿਸ ਤੋਂ ਬਾਅਦ ਸੰਬੰਧਿਤ ਅਧਿਆਪਕਾਂ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਥੇਬੰਦੀ ਦੇ ਆਗੂਆਂ ਨੂੰ ਸਕੂਲ ਲਿਆ ਕੇ ਉਸਨੂੰ ਅਪਮਾਨਿਤ ਕੀਤਾ। ਪ੍ਰਿੰਸੀਪਲ ਸੈਣੀ ਨੇ ਵੀਡੀਓ ਵਿੱਚ ਇਹ ਵੀ ਕਿਹਾ ਕਿ ਉਹ ਕਾਫੀ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ ਅਤੇ ਸੰਬੰਧਤ ਅਧਿਆਪਕ ਉਸ ਨੂੰ ਬਹੁਤ ਤੰਗ ਪਰੇਸ਼ਾਨ ਅਤੇ ਅਪਮਾਨਤ ਕਰ ਰਹੇ ਸਨ। ਉਸਨੇ ਕਿਹਾ ਕਿ ਉਹ ਅਧਿਆਪਕਾਂ ਤੋਂ ਤੰਗ ਹੋ ਕੇ ਹੀ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹੈ। ਇਸ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪੁਲਿਸ ਨੇ ਮ੍ਰਿਤਕ ਪ੍ਰਿੰਸੀਪਲ ਦੀ ਪਤਨੀ ਰਣਜੀਤ ਕੌਰ ਦੀ ਸ਼ਿਕਾਇਤ ਦੇ ਅਧਾਰ ‘ਤੇ ਸਕੂਲ ਦੇ ਚਾਰ ਅਧਿਆਪਕਾਂ ਅਤੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਉੱਪਰ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਮ੍ਰਿਤਕ ਪ੍ਰਿੰਸੀਪਲ ਦੇ ਭਰਾ ਨੇ ਕਿਹਾ ਕਿ ਜਿੰਨਾ ਚਿਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਪ੍ਰਿੰਸੀਪਲ ਧਰਮਵੀਰ ਸੈਣੀ ਦਾ ਸਸਕਾਰ ਨਹੀਂ ਕਰਨਗੇ।