Gee 98News

ਪੁਲਿਸ ਨੇ ਦਿਨ ਚੜਦੇ ਈਂ ਚੁੱਕ ਲਏ ਬੇਰੁਜ਼ਗਾਰ…ਅੱਜ ਜਲੰਧਰ ਜ਼ਿਮਨੀ ਚੋਣ ‘ਚ ਕਰਨਾ ਸੀ ਰੋਸ ਪ੍ਰਦਰਸ਼ਨ

ਚੰਡੀਗੜ੍ਹ,7 ਜੁਲਾਈ, Gee98 news service
-ਪੰਜਾਬ ਦੀ ‘ਆਪ’ ਸਰਕਾਰ ਬੇਰੁਜ਼ਗਾਰਾਂ ਦੇ ਸੰਘਰਸ਼ ਤੋਂ ਡਰ ਕੇ ਤਾਨਾਸ਼ਾਹੀ ਵਤੀਰੇ ‘ਤੇ ਉਤਰ ਆਈ ਹੈ। ਸਰਕਾਰ ਨੇ ਬੇਰੁਜ਼ਗਾਰਾਂ ਦੀ ਗੱਲ ਸੁਣਨ ਦੀ ਬਜਾਏ ਪੁਲਸੀਆ ਤਸ਼ੱਦਦ ਦਾ ਤਰੀਕਾ ਧਾਰਨ ਕੀਤਾ ਹੋਇਆ ਹੈ। ‌ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੇਰੁਜਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਬੇਰੁਜ਼ਗਾਰ ਸਾਂਝਾ ਮੋਰਚਾ ਆਪਣੀਆਂ ਮੰਗਾਂ ਪ੍ਰਤੀ ਸੰਘਰਸ਼ ਕਰ ਰਿਹਾ ਹੈ ਪ੍ਰੰਤੂ ਪਿਛਲੀਆਂ ਸਰਕਾਰਾਂ ਵਾਂਗ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੀ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਉਹਨਾਂ ਦੱਸਿਆ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਅੱਜ 7 ਜੁਲਾਈ ਨੂੰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਅਤੇ ਸਰਕਾਰ ਦੇ 27 ਕੁ ਮਹੀਨਿਆਂ ਦੇ ਕਾਰਜਕਾਲ ਦੀ ਪੋਲ ਖੋਲਣ ਲਈ ਜਲੰਧਰ ਵਿਖੇ ਪੁੱਜਣ ਦਾ ਸੱਦਾ ਦਿੱਤਾ ਸੀ ਪ੍ਰੰਤੂ ਸਰਕਾਰ ਨੇ ਤਾਨਾਸ਼ਾਹੀ ਵਤੀਰਾ ਧਾਰਨ ਕਰਦੇ ਹੋਏ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੂੰ 7 ਜੁਲਾਈ ਦੀ ਸਵੇਰ ਤੋਂ ਹੀ ਗ੍ਰਿਫ਼ਤਾਰ ਕਰਕੇ ਥਾਣਿਆਂ ‘ਚ ਬੰਦ ਕਰ ਦਿੱਤਾ ਅਤੇ ਕੁਝ ਆਗੂਆਂ ਨੂੰ ਘਰਾਂ ‘ਚ ਨਜ਼ਰਬੰਦ ਕਰ ਦਿੱਤਾ। ‌ ਉਹਨਾਂ ਦੱਸਿਆ ਕਿ ਮੋਰਚੇ ਦੇ ਆਗੂ ਰਣਬੀਰ ਨਦਾਮਪੁਰ ਨੂੰ ਪੁਲਿਸ ਚੌਂਕੀ ਕਾਲਾਝਾੜ ਵਿਖੇ ਡੱਕਿਆ ਗਿਆ ਹੈ ਅਤੇ ਇੰਦਰਜੀਤ ਗੁਰਦਾਸਪੁਰ ਨੂੰ ਘਰੇ ਕੀਤਾ ਨਜ਼ਰਬੰਦ ਕੀਤਾ ਗਿਆ ਹੈ, ਇਸੇ ਤਰ੍ਹਾਂ ਪੰਜਾਬ ‘ਚ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਹੋਰ ਬਹੁਤੇ ਆਗੂਆਂ ਨੂੰ ਘਰਾਂ ‘ਚ ਨਜ਼ਰਬੰਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਤਸ਼ੱਦਦ ਦਾ ਰਾਹ ਛੱਡ ਕੇ ਬੇਰੁਜ਼ਗਾਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਨਹੀਂ ਤਾਂ ਜਲੰਧਰ ਦੀ ਜ਼ਿਮਨੀ ਚੋਣ ਸਮੇਤ ਭਵਿੱਖ ‘ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਵੀ ਬੇਰੁਜ਼ਗਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ‌

error: Content is protected !!